ਲਖਨਊ। ਡਾਂਸ ਈਵੈਂਟ ਦੀਆਂ ਟਿਕਟਾਂ ਵਿਕਣ ਦੇ ਬਾਅਦ ਪ੍ਰੋਗਰਾਮ ਨਾ ਕਰਕੇ ਦਰਸ਼ਕਾਂ ਦੇ ਪੈਸੇ ਹੜੱਪਣ ਦੇ ਮਾਮਲੇ ਵਿਚ ਮਸ਼ਹੂਰ ਡਾਂਸਰ ਸਪਨਾ ਚੌਧਰੀ ਖਿਲਾਫ ਕੋਰਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਐਸਜੀਐਮ ਸ਼ਾਂਤਨੂੰ ਤਿਆਗੀ ਨੇ ਡਾਂਸਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੰਦੇ ਹੋਏ ਸੁਣਵਾਈ ਲਈ 30 ਅਗਸਤ ਦੀ ਤਾਰੀਖ ਤੈਅ ਕੀਤੀ ਹੈ।
ਇਸ ਮਾਮਲੇ ਵਿਚ ਸਪਨਾ ਚੌਧਰੀ ਨੇ ਕੋਰਟ ਵਿਚ ਪੇਸ਼ ਹੋ ਕੇ ਜਮਾਨਤ ਕਰਵਾ ਲਈ ਸੀ। ਇਸਦੇ ਬਾਅਦ ਵੀ ਕੋਰਟ ਨੇ ਆਰੋਪ ਤੈਅ ਕਰਨ ਲਈ ਸੋਮਵਾਰ ਦੀ ਤਾਰੀਖ ਤੈਅ ਕੀਤੀ ਸੀ, ਪਰ ਡਾਂਸਰ ਨਾ ਤਾਂ ਹਾਜ਼ਰ ਹੋਈ ਤੇ ਨਾ ਹੀ ਗੈਰਹਾਜਰੀ ਮਾਫ ਕਰਨ ਦੀ ਕੋਈ ਅਰਜੀ ਦਿੱਤੀ। ਇਸ ਉਤੇ ਕੋਰਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ।
ਜਿਕਰਯੋਗ ਹੈ ਕਿ ਅਸ਼ਿਆਨਾ ਥਾਣਾ ਚੌਕੀ ਕਿਲਾ ਦੇ ਡੀਐਸਪੀ ਫਿਰੋਜ ਖਾਨ ਨੇ 13 ਅਕਤੂਬਰ 2018 ਨੂੰ ਸਪਨਾ ਚੌਧਰੀ, ਰਤਨਾਕਰ ਉਪਾਧਿਆ, ਅਮਿਤ ਪਾਂਡੇ, ਪਹਿਲ ਇੰਸਟੀਚਿਊਟ ਦੇ ਇਬਾਦ ਅਲੀ, ਨਵੀਨ ਸ਼ਰਮਾ ਤੇ ਜੁਨੈਦ ਅਹਿਮਦ ਖਿਲਾਫ ਰਿਪੋਰਟ ਦਰਜ ਕਰਵਾਈ ਸੀ। ਇਸ ਵਿਚ ਕਿਹਾ ਗਿਆ ਸੀ ਕਿ 13 ਅਕਤੂਬਰ ਨੂੰ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਸਮ੍ਰਿਤੀ ਉਪਵਨ ਸਣੇ ਹੋਰ ਕਲਾਕਾਰਾਂ ਦਾ ਪ੍ਰੋਗਰਾਮ ਹੋਣਾ ਸੀ। ਇਸ ਵਿਚ ਦਾਖਲੇ ਲਈ ਪ੍ਰਤੀ ਵਿਅਕਤੀ ਤੋਂ ਇਕ ਟਿਕਟ ਦੇ 300 ਰੁਪਏ ਲਏ ਗਏ ਸੀ।
ਰਾਤ 10 ਵਜੇ ਤੱਕ ਸਪਨਾ ਚੌਧਰੀ ਨਹੀਂ ਆਈ ਤਾਂ ਲੋਕਾਂ ਨੇ ਹੰਗਾਮਾ ਵੀ ਕੀਤਾ ਸੀ। ਮਾਮਲੇ ਵਿਚ ਵਿਚਾਰ ਚਰਚਾ ਦੇ ਬਾਅਦ ਜੁਨੈਦ ਅਹਿਮਦ, ਇਬਾਦ ਅਲੀ, ਅਮਿਤ ਪਾਂਡੇ ਤੇ ਰਤਨਾਕਰ ਤ੍ਰਿਪਾਠੀ ਖਿਲਾਫ 20 ਜਨਵਰੀ 2019 ਨੂੰ ਕੋਰਟ ਨੇ ਚਾਰਜਸ਼ੀਟ ਦਾਖਿਲ ਕੀਤੀ ਸੀ, ਜਦੋਂਕਿ ਸਪਨਾ ਖਿਲਾਫ 1 ਮਾਰਚ 2019 ਨੂੰ ਦੋਸ਼ ਪੱਤਰ ਦਾਖਲ ਕੀਤਾ ਗਿਆ ਸੀ। ਇਸ ਉਤੇ ਅਦਾਲਤ ਨੇ 26 ਜੁਲਾਈ 2019 ਨੂੰ ਨੋਟਿਸ ਲਿਆ ਸੀ।