ਨਸ਼ਿਆਂ ਵਿਰੁੱਧ ਜੰਗ : ਪੰਜਾਬ ਪੁਲਿਸ ਨੇ 151 ਕਿਲੋ ਹੈਰੋਇਨ ਅਤੇ 11 ਕੁਇੰਟਲ ਭੁੱਕੀ ਸਾੜੀ

0
285

ਚੰਡੀਗੜ੍ਹ | ਪੰਜਾਬ ਪੁਲਿਸ ਨੇ ਬੀਤੇ ਦਿਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ 800 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੀ 151 ਕਿਲੋਗ੍ਰਾਮ ਹੈਰੋਇਨ ਅਤੇ 11 ਕੁਇੰਟਲ ਭੁੱਕੀ ਨੂੰ ਅੰਮ੍ਰਿਤਸਰ ਵਿਖੇ ਭੱਠੀ ਵਿੱਚ ਸਾੜ ਕੇ ਨਸ਼ਟ ਕਰ ਦਿੱਤਾ ਹੈ।
ਆਈਜੀਪੀ ਕਾਊਂਟਰ ਇੰਟੈਲੀਜੈਂਸ ਰਾਕੇਸ਼ ਅਗਰਵਾਲ ਦੀ ਪ੍ਰਧਾਨਗੀ ਹੇਠ ਨਸ਼ੀਲੇ ਪਦਾਰਥਾਂ ਸਬੰਧੀ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ ਇਹਨਾਂ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ। ਇਸ ਮੌਕੇ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਦੇ ਮੈਂਬਰ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ, ਏਆਈਜੀ ਐਸਐਸਓਸੀ ਫਾਜ਼ਿਲਕਾ ਲਖਬੀਰ ਸਿੰਘ, ਏਆਈਜੀ ਸੀਆਈ ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਅਤੇ ਡੀਐਸਪੀ ਐਸਐਸਓਸੀ ਹਰਵਿੰਦਰਪਾਲ ਸਿੰਘ ਮੌਜੂਦ ਸਨ।
ਪੰਜਾਬ ਪੁਲਿਸ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐਸ.ਐਸ.ਓ.ਸੀ., ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿਖੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਤਹਿਤ ਦਰਜ ਕੀਤੇ ਕੇਸਾਂ ਸਬੰਧੀ ਨਸ਼ੀਲੇ ਪਦਾਰਥਾਂ ਨੂੰ ਬੀਤੇ ਦਿਨ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਵਿਖੇ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਰੇਂਜ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ 40.5 ਕਿਲੋਗ੍ਰਾਮ ਅਫੀਮ ਸਬੰਧੀ ਡਿਸਪੋਜ਼ਲ ਸਰਟੀਫਿਕੇਟ ਗਵਰਨਮੈਂਟ ਓਪੀਅਮ ਐਂਡ ਅਲਕਾਲਾਇਡ ਵਰਕਸ, ਨੀਮਚ (ਐਮ.ਪੀ.) ਵਿੱਚ ਜਮ੍ਹਾ ਕਰਵਾਉਣ ਲਈ ਜਾਰੀ ਕੀਤਾ ਗਿਆ।