ਬੰਗਲੌਰ | ਕਰਨਾਟਕ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇਥੇ 224 ਸੀਟਾਂ ਤੋਂ 2614 ਉਮੀਦਵਾਰ ਚੋਣ ਮੈਦਾਨ ਵਿਚ ਹਨ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ ‘ਚ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਰਹੇ ਹਨ। ਆਮ ਲੋਕਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਅਤੇ ਆਗੂ ਵੀ ਵੋਟ ਪਾਉਣ ਲਈ ਪਹੁੰਚ ਰਹੇ ਹਨ।
ਅਭਿਨੇਤਾ ਪ੍ਰਕਾਸ਼ ਰਾਜ ਨੇ ਸ਼ਾਂਤੀਨਗਰ ਦੇ ਸੇਂਟ ਜੋਸੇਫ਼ ਇੰਡੀਅਨ ਸਕੂਲ ਦੇ ਪੋਲਿੰਗ ਸਟੇਸ਼ਨ ‘ਤੇ ਅਪਣੀ ਵੋਟ ਭੁਗਤਾਈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਨੇ ਵੋਟ ਪਾਉਣ ਤੋਂ ਪਹਿਲਾਂ ਸ਼ਿਕਾਰੀਪੁਰ ਵਿਚ ਹੁਚਰਾਯਾ ਸਵਾਮੀ ਮੰਦਰ ਦਾ ਦੌਰਾ ਕੀਤਾ।
ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਮੈਂ ਵੋਟ ਪਾ ਕੇ ਲੋਕਤੰਤਰ ਪ੍ਰਤੀ ਆਪਣਾ ਫ਼ਰਜ਼ ਨਿਭਾਇਆ ਹੈ, ਇਸ ਵਾਰ ਮੈਂ ਰਿਕਾਰਡ ਫ਼ਰਕ ਨਾਲ ਜਿੱਤਾਂਗਾ ਅਤੇ ਭਾਜਪਾ ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ। ਉਧਰ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਲੋਕ ਭਾਜਪਾ ਨੂੰ ਵੋਟ ਦੇਣਗੇ ਅਤੇ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ।
224 ਸੀਟਾਂ ‘ਤੇ ਹੋ ਰਹੀਆਂ ਚੋਣਾਂ ‘ਚ ਅੱਜ ਕਈ ਵੱਡੇ ਨੇਤਾਵਾਂ ਦੀ ਕਿਸਮਤ ਈਵੀਐਮ ‘ਚ ਬੰਦ ਹੋ ਜਾਵੇਗੀ। ਵੋਟਾਂ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਸੂਬੇ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।