ਉੱਤਰ ਪ੍ਰਦੇਸ਼| ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਪੁਲਿਸ ਹਮੇਸ਼ਾ ਵਿਵਾਦਾਂ ਵਿਚ ਬਣੀ ਰਹਿੰਦੀ ਹੈ। ਕਦੇ ਪੁਲਿਸ ਵਾਲਿਆਂ ਦੀਆਂ ਨਿੱਜੀ ਤਸਵੀਰਾਂ ਵਾਇਰਲ ਹੁੰਦੀਆਂ ਹਨ ਤਾਂ ਕਦੇ ਅਸ਼ਲੀਲ ਚੈਟ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਇਕ ਹੋਰ ਕਾਰਨਾਮੇ ਨੂੰ ਲੈ ਕੇ ਕਾਨਪੁਰ ਪੁਲਿਸ ਸੁਰਖੀਆਂ ਵਿਚ ਹੈ। ਇਕ SHO ਉਤੇ ਇਹ ਦੋਸ਼ ਲੱਗਾ ਹੈ ਕਿ ਉਹ ਇਕ ਕਾਲ ਗਰਲ ਸਪਲਾਇਰ ਨਾਲ ਗੱਲ ਕਰਦਾ ਰਿਹਾ ਹੈ, ਜਿਸਦੀ ਚੈਟ ਵਾਇਰਲ ਹੋਈ ਹੈ। ਉਥੇ ਹੀ ਇਸ ਖਬਰ ਨੂੰ ਸਾਹਮਣੇ ਲਿਆਉਣ ਵਾਲੇ ਪੱਤਰਕਾਰ ਉਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੈ।
SHO ਦੀ ਚੈਟ ਵਾਇਰਲ, ਪੱਤਰਕਾਰ ਉਤੇ ਪਰਚਾ
ਸੋਸ਼ਲ ਮੀਡੀਆ ਉਤੇ ਇਕ ਚੈਟ ਵਾਇਰਲ ਹੋਈ ਸੀ। ਦਾਅਵਾ ਕੀਤਾ ਗਿਆ ਸੀ ਕਿ ਇਕ SHO ਕਾਲ ਗਰਲ ਡੀਲਰ ਨਾਲ ਦੇਹ ਵਪਾਰ ਨਾਲ ਸਬੰਧਤ ਗੱਲਬਾਤ ਕਰਦਾ ਰਿਹਾ ਸੀ। ਇਸ ਦੀ ਮੀਡੀਆ ਵਿਚ ਖਬਰ ਚਲਾਏ ਜਾਣ ਤੋਂ ਬਾਅਦ ਪੱਤਰਕਾਰ ਉਤੇ ਹੀ ਕੇਸ ਦਰਜ ਕਰ ਦਿੱਤਾ ਗਿਆ।
ਪੱਤਰਕਾਰ ਨੇ ਪੁਲਿਸ ਕਮਿਸ਼ਨਰ ਨਾਲ ਮਿਲ ਕੇ ਇਨਸਾਫ ਦੀ ਗੁਹਾਰ ਲਗਾਈ ਹੈ। ਉਥੇ ਹੀ ਜੁਆਇੰਟ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰਵਾ ਰਹੇ ਹਾਂ। ਅਸੀਂ ਚੈਟ, ਪੱਤਰਕਾਰ ਦੇ ਦੋਸ਼, ਚੌਕੀ ਮੁਖੀ ਦੀ ਭੂਮਿਕਾ ਦਾ ਜਾਂਚ ਕਰ ਰਹੇ ਹਾਂ। ਇਥੇ ਦੱਸਣਾ ਬਣਦਾ ਹੈ ਕਿ ਵਾਇਰਲ ਚੈਟ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਪੁਲਿਸ ਕਮਿਸ਼ਨਰ ਨੇ ਪੰਜ ਬਿੰਦੂਆਂ ਉਤੇ ਜਾਂਚ ਦੀ ਗੱਲ ਕਹੀ ਹੈ। ਆਨੰਦ ਪ੍ਰਕਾਸ਼ ਤਿਵਾਰੀ ਨੇ ਕਿਹਾ ਕਿ ਅਸੀਂ ਚੈਟ ਦੀ ਜਾਂਚ ਕਰ ਰਹੇ ਹਾਂ। ਪੱਤਰਕਾਰ ਦੇ ਦੋਸ਼ਾਂ ਦੀ ਵੀ ਜਾਂਚ ਕਰ ਰਹੇ ਹਾਂ। ਪੱਤਰਕਾਰ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੇ ਹਾਂ। ਚੌਕੀ ਇੰਚਾਰਜ ਉਤੇ ਲੱਗੇ ਦੋਸ਼ਾਂ ਦੀ ਵੀ ਜਾਂਚ ਹੋਵੇਗੀ, ਜਿਥੋਂ ਇਹ ਚੈਟ ਵਾਇਰਲ ਹੋ ਰਹੀ ਹੈ। ਇਹ ਬਹੁਤ ਗੰਭੀਰ ਮਾਮਲਾ ਹੈ, ਸਾਰੇ ਪੱਖਾਂ ਤੋਂ ਜਾਂਚ ਹੋਵੇਗੀ, ਜਿਸ ਨਾਲ ਭਵਿੱਖ ਵਿਚ ਅਜਿਹਾ ਨਾ ਹੋਵੇ।