10ਵੀਂ ‘ਚੋਂ ਅੱਵਲ ਆਏ ਵਿਦਿਆਰਥੀਆਂ ਨੂੰ 51 ਹਜ਼ਾਰ ਦੀ ਮਿਲੇਗੀ ਇਨਾਮੀ ਰਾਸ਼ੀ – CM ਮਾਨ

0
2493

ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਤਿੰਨ ਵਿਦਿਆਰਥਣਾਂ ਨੂੰ 51 ਹਜ਼ਾਰ ਰੁਪਏ ਨਾਲ ਸਨਮਾਨਿਤ ਕਰਨ ਸਬੰਧੀ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, ‘ਅੱਜ PSEB ਦੇ ਦਸਵੀਂ ਦੇ ਨਤੀਜੇ ਐਲਾਨੇ ਗਏ ਹਨ। ਸਾਡੀਆਂ ਧੀਆਂ ਨੇ ਮੁੜ ਤੋਂ ਬਾਜ਼ੀ ਮਾਰੀ ਹੈ। ਪਹਿਲੇ ਤੇ ਦੂਜੇ ਸਥਾਨ ‘ਤੇ ਫ਼ਰੀਦਕੋਟ ਜ਼ਿਲ੍ਹਾ ਤੇ ਤੀਜੇ ਸਥਾਨ ‘ਤੇ ਮਾਨਸਾ ਜ਼ਿਲ੍ਹਾ ਰਿਹਾ ਹੈ। ਪਾਸ ਹੋਏ ਸਾਰੇ ਬੱਚਿਆਂ ਤੇ ਮਾਪੇ-ਅਧਿਆਪਕਾਂ ਨੂੰ ਵੀ ਵਧਾਈਆਂ। ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਦੱਸ ਦਈਏ ਕਿ PSEB 10ਵੀਂ ਜਮਾਤ ਦੇ ਨਤੀਜੇ ਜਾਰੀ ਹੋ ਗਏ ਹਨ। ਪਹਿਲੇ 3 ਸਥਾਨਾਂ ‘ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਸਵੀਂ ਸ਼੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਯਾਨੀ ਅੱਜ ਐਲਾਨ ਦਿੱਤਾ ਗਿਆ ਹੈ। ਕੁੱਲ ਨਤੀਜਾ 97.54 ਫ਼ੀਸਦੀ ਰਿਹਾ। ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ ਦਰ 97.76 ਰਹੀ ਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 97 ਫੀਸਦੀ ਰਿਹਾ। 98.46 ਫ਼ੀਸਦ ਕੁੜੀਆਂ ਤੇ 96.73 ਫ਼ੀਸਦੀ ਮੁੰਡੇ ਪਾਸੇ ਹੋਏ ਹਨ। ਸੀਐਮ ਮਾਨ ਨੇ ਕਿਹਾ ਕਿ 10ਵੀਂ ‘ਚੋਂ ਅੱਵਲ ਆਏ ਬੱਚਿਆਂ ਨੂੰ 51 ਹਜ਼ਾਰ ਦੀ ਇਨਾਮੀ ਰਾਸ਼ੀ ਮਿਲੇਗੀ।

ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿਚੋਂ 650 ਨੰਬਰ ਲੈ ਕੇ 100 ਫ਼ੀਸਦੀ ਨਾਲ ਸੂਬੇ ‘ਚੋਂ ਟਾਪ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਨੂੰ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਮਾਰਚ 2023 ਵਿੱਚ ਕਰਵਾਈ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਨਤੀਜਾ 26 ਮਈ ਨੂੰ ਐਲਾਨ ਕਰ ਦਿੱਤਾ ਜਾਵੇਗਾ। ਸਬੰਧਤ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ ਅਗਲੇ ਦਿਨ 27 ਮਈ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ‘ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਇਨ੍ਹਾਂ ਵੈੱਬਸਾਈਟਜ਼ ਤੋਂ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਣਗੇ।