16 ਸਾਲਾਂ ਦੀਆਂ ਦੋ ਲੜਕੀਆਂ ਨੂੰ ਸੱਪ ਨੇ ਡੱਸਿਆ, ਇਕ ਸੁੱਤੀ ਪਈ ਤੇ ਦੂਜੀ ਘਰ ‘ਚ ਪਾਣੀ ਭਰਨ ਕਾਰਨ ਬਣੀ ਸ਼ਿਕਾਰ

0
2560

ਗੜ੍ਹਦੀਵਾਲਾ/ ਫਿਰੋਜ਼ਪੁਰ| ਗੜ੍ਹਦੀਵਾਲਾ ਦੇ ਨੇੜਲੇ ਪਿੰਡ ਅੰਬਾਲਾ ਜੱਟਾਂ ਵਿਖੇ ਇਕ 16 ਸਾਲਾ ਲੜਕੀ ਦੇ ਘਰ ਵਿਚ ਸੁਤੀ ਪਈ ਦੇ ਸੱਪ ਵਲੋਂ ਡੰਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਮਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਪਿੰਡ ਅੰਬਾਲਾ ਜੱਟਾਂ ਨੇ ਦੱਸਿਆ ਕਿ ਮੇਰੇ ਚਾਚੇ ਦੀ ਲੜਕੀ ਗੁਰਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ (16) ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਬਾਰ੍ਹਵੀਂ ਕਲਾਸ ਵਿਚ ਪੜ੍ਹਦੀ ਸੀ, ਬੀਤੀ ਰਾਤ ਤੜਕਸਾਰ ਬੈੱਡ ’ਤੇ  ਸੁੱਤੀ ਪਈ ਨੂੰ ਅਚਾਨਕ ਸੱਪ ਨੇ ਡੰਗ ਦਿੱਤਾ ਜਿਸ ਦੌਰਾਨ ਉਕਤ ਲੜਕੀ ਦੀ ਸਿਹਤ ਖ਼ਰਾਬ ਹੋਣ ਕਾਰਨ ਕਿਸੇ ਨਿੱਜੀ ਡਾਕਟਰ ਵਲੋਂ ਮੁੱਢਲੀ ਸਹਾਇਤਾ ਦਿਤੀ ਗਈ।

ਉਪਰੰਤ ਹੁਸ਼ਿਆਰਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵਲੋਂ ਉਕਤ ਲੜਕੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।

ਇਸੇ ਤਰ੍ਹਾਂ ਦੀ ਇਕ ਦੁਖਦਾਈ ਖਬਰ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਵੇਰਾ ਤੋਂ ਸਾਹਮਣੇ ਆਈ ਹੈ। ਇਥੇ ਹੜ੍ਹਾਂ ਵਰਗੀ ਸਥਿਤੀ ਦੇ ਚਲਦਿਆਂ ਚਾਰੇ ਪਾਸੇ ਪਾਣੀ ਭਰਿਆ ਹੋਇਆ ਹੈ। ਇਥੇ ਬੋਲਣ ਤੋਂ ਅਸਮਰੱਥ ਲੜਕੀ ਗੀਤ ਕੌਰ ਪੁੱਤਰੀ ਛਿੰਦਰ ਸਿੰਘ ਦੀ ਮੌਤ ਹੋ ਗਈ। ਉਹ ਕਿਸੇ ਤੋਂ ਮਦਦ ਵੀ ਨਹੀਂ ਮੰਗ ਸਕੀ।