ਗੁਰਪ੍ਰੀਤ ਡੈਨੀ | ਜਲੰਧਰ
ਪ੍ਰਧਾਨਮੰਤਰੀ ਮੋਦੀ ਨਾਲ ਵੀਡੀਓ ਕਾਨਫਰੰਸ ‘ਤੇ ਪੰਜਾਬ ਦੇ ਜ਼ਿਲ੍ਹੇ ਪਠਾਨਕੋਟ ਦੇ ਪਿੰਡ ਹਾੜਾ ਦੀ ਯੁਵਾ ਸਰਪੰਚ 22 ਵਰ੍ਹਿਆਂ ਦੀ ਪੱਲਵੀ ਠਾਕੁਰ ਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ। ਪੀਐਮ ਮੋਦੀ ਨੂੰ ਪੱਲਵੀ ਨੇ ਵੀਡੀਓ ਕਾਨਫਰੈਂਸ ਤੇ ਪਿੰਡ ਹਾੜਾ ਦੀ ਪੰਚਾਇਤੀ ਰਾਜ ਵਿਵਸਥਾ, ਕਿਸਾਨਾਂ, ਨਸ਼ੇ ਅਤੇ ਕੋਰੋਨਾ ਨੂੰ ਲੈ ਕੇ ਮੋਜੂਦਾਂ ਹਾਲਾਤਾਂ ਬਾਰੇ ਦੱਸਿਆ। ਯੂਵਾ ਸਰਪੰਚ ਨੇ ਮੋਦੀ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਪੰਚਾਇਤ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਹੀ ਹੈ। ਪੀਐਮ ਮੌਦੀ ਵੀ ਪੱਲਵੀ ਦੀਆਂ ਗੱਲਾਂ ਤੋਂ ਕਾਫੀ ਪ੍ਰਭਾਵਿਤ ਹੋਏ ਤੇ ਕਿਸਾਨਾਂ ਦੇ ਮੁੱਦੇ ਤੇ ਉਸਦੀ ਕਹੀ ਗੱਲ ਨੂੰ ਗੰਭੀਰਤਾ ਨਾਲ ਲਿਆ। ਮੋਦੀ ਨੇ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਨਸ਼ਿਆਂ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਮਿਲ ਕੇ ਲੜਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ।
ਕੰਡੀ ਏਰਿਆ ਤੋਂ ਸਿੱਖਿਆ ਤੇ ਸਰਪੰਚ ਤੱਕ ਦਾ ਸਫ਼ਰ ਯੂਥ ਲਈ ਬਣੀ ਮਿਸਾਲ
ਪੱਲਵੀ ਦੇ ਪਰਿਵਾਰ ਵਿਚ ਮਾਤਾ-ਪਿਤਾ, ਦਾਦੀ ਦੋ ਛੋਟੇ ਭਰਾ ਤੇ ਇਕ ਵੱਡੀ ਭੈਣ ਹੈ। ਪੱਲਵੀ ਦੀ ਮਾਤਾ ਗੀਤਾ ਦੇਵੀ ਘਰੇਲੂ ਔਰਤ ਹੈ ਤੇ ਪਿਤਾ ਕੇਵਲ ਸਿੰਘ ਖੇਤੀਬਾੜੀ ਤੇ ਪੌਲਟਰੀਫਾਰਮ ਦਾ ਆਪਣਾ ਕੰਮ ਸਾਂਭਦੇ ਹਨ। ਪੱਲਵੀ ਪਠਾਕੋਟ ਦੇ ਕੰਡੀ ਏਰੀਏ ਦੇ ਪਿੰਡ ਹਾੜਾ ਦੀ ਰਹਿਣ ਵਾਲੀ ਹੈ। ਪਲਵੀ ਦੀ 10ਵੀਂ ਤਕ ਦੀ ਸਿੱਖੀਆ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਤੋਂ ਹੋਈ ਹੈ ਅਤੇ ਉਨ੍ਹਾਂ ਨੇ ਐਵਲਨ ਗਰਲਜ਼ ਸਕੂਲ ਪਠਾਨਕੋਟ ਤੋਂ 12ਵੀਂ ਕੀਤੀ। ਪੱਲਵੀ ਬੀਐਸਸੀ ਆਈਟੀ ਪਾਸ ਹੈ। ਅੱਜ ਉਹ ਹਾੜਾ ਪਿੰਡ ਦੀ ਸਰਪੰਚ ਹੈ ਤੇ ਯੂਥ ਲਈ ਖਾਸਕਰ ਲੜਕੀਆਂ ਲਈ ਇਕ ਮਿਸਾਲ ਬਣ ਗਈ ਹੈ।
ਇਕ ਘਟਨਾ ਨੇ ਝੰਜੋੜਿਆ ਤੇ ਬਣਾ ਦਿੱਤਾ ਮਜ਼ਬੂਤ ਇਰਾਦੇ ਵਾਲੀ ਪੱਲਵੀ
ਪੱਲਵੀ ਦੇ ਪਰਿਵਾਰ ਨਾਲ ਐਸੀ ਘਟਨਾ ਵਾਪਰੀ ਸੀ, ਜਿਸ ਨੇ ਉਸ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਦਿੱਤੀ। ਪੱਲਵੀ ਹਾਲੇ 11ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸਦੀ ਮਾਤਾ ਗੀਤਾ ਦੇਵੀ ਨੇ ਬਲਾਕ ਸੰਮਤੀ ਦੀਆਂ ਚੌਣਾਂ ਵਿੱਚ ਵੱਡੇ ਫ਼ਰਕ ਨਾਲ ਵਿਰੋਧੀ ਪਾਰਟੀ ਨੂੰ ਚਿੱਤ ਕੀਤਾ ਸੀ। ਪਰਿਵਾਰ ਜਸ਼ਨ ਮਨਾ ਰਿਹਾ ਸੀ। ਇਕ ਰਾਜਨੇਤਾ ਨੇ ਵੋਟਾਂ ਦੀ ਦੁਬਾਰਾ ਗਿਣਤੀ ਕਰਨ ਦਾ ਦਬਾਅ ਪਾਇਆ। ਜਿਸ ਤੋਂ ਬਾਅਦ ਦੁਬਾਰਾ ਗਿਣਤੀ ਕਰਵਾਈ ਗਈ ਤਾਂ ਪੱਲਵੀ ਦੀ ਮਾਤਾ ਦੀ ਹਾਰ ਕਰਾਰ ਦਿੱਤੀ ਗਈ। ਇਸ ਘਟਨਾ ਨੇ ਪੱਲਵੀ ਦੇ ਮਨ ਉੱਤੇ ਗਹਿਰੀ ਸੱਟ ਮਾਰੀ। ਮਾਤਾ-ਪਿਤਾ ਦੇ ਉਦਾਸ ਚਿਹਰੇ ਦੇਖ ਕੇ ਉਸਨੇ ਅੰਦਰ ਹੀ ਅੰਦਰ ਠਾਣ ਲਿਆ ਸੀ ਕਿ ਉਹ ਜਿੰਦਗੀ ਵਿੱਚ ਕੁੱਝ ਬਣੇਗੀ ਤੇ ਅੱਜ ਉਹ 22 ਸਾਲ ਦੀ ਉਮਰ ਵਿੱਚ ਹੀ ਆਪਣੇ ਮਜ਼ਬੂਤ ਇਰਾਦਿਆਂ ਸਦਕਾ ਹਾੜਾ ਪਿੰਡ ਦੀ ਸਰਪੰਚ ਹੈ।
2018 ‘ਚ ਚੋਣਾਂ ਜਿੱਤ ਕੇ ਬਣੀ ਸਰਪੰਚ, ਹਾੜਾ ਨੂੰ ਮਾਡਲ ਪਿੰਡ ਬਣਾਉਣਾ ਸੁਪਨਾ
ਪੱਲਵੀ ਠਾਕੁਰ ਦਾ ਕਹਿਣਾ ਹੈ ਕਿ ਉਸਨੇ 2018 ਵਿੱਚ ਹਾੜਾ ਪਿੰਡ ਦੀ ਸਰਪੰਚੀ ਦੇ ਚੌਣ ਲੜੇ ਸਨ। ਇਨ੍ਹਾਂ ਚੋਣਾਂ ਵਿੱਚ 74 ਵੋਟਾਂ ਨਾਲ ਜਿੱਤ ਹਾਸਿਲ ਕਰਕੇ ਉਹ ਸਭ ਤੋਂ ਛੋਟੀ ਉਮਰ ਦੀ ਸਰਪੰਚ ਬਣੀ। ਪੱਲਵੀ ਮੁਤਾਬਿਕ ਉਸਦਾ ਪਿੰਡ ਕਾਫੀ ਪਿਛੜੀਆ ਹੋਇਆ ਹੈ, ਉੱਥੇ 11ਵੀਂ-12ਵੀਂ ਪਾਸ ਕਰਨ ਮਗਰੋਂ ਲੜਕੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਉਹ ਆਪਣੇ ਪਿੰਡ ਤੋਂ ਸਮਾਜਕ ਬੁਰਾਈਆਂ ਦੂਰ ਕਰਕੇ ਇਕ ਮਾਡਲ ਪਿੰਡ ਬਣਾਏਗੀ। ਪੱਲਵੀ ਆਪਣੇ ਪਿੰਡ ਨੂੰ ਸੁਆਰਨ ਲਈ ਯੋਜਨਾਵਾਂ ਬਣਾਉਦੀ ਰਹਿੰਦੀ ਹੈ। ਪੱਲਵੀ ਦੀਆਂ ਐੱਸਆਈਆਰਡੀ ਡਿਪਾਰਟਮੈਂਟ ਵਿੱਚ ਪਿੰਡ ਦੇ ਵਿਕਾਸ ਲਈ ਨਿਤ ਸਲਾਹਾਂ ਹੁੰਦੀਆਂ ਹਨ।
ਪੱਲਵੀ ਛੋਟੀ ਉਮਰ ਦੀ ਸਰਪੰਚ ਹੋਣ ਕਰਕੇ ਉਸ ਦੇ ਮੋਢਿਆ ਉਪਰ ਬੋਝ ਜ਼ਿਆਦਾ ਹੈ। ਪੱਲਵੀ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਸਨੂੰ ਰਾਜਨਿਤਿਕ ਪਾਰਟੀਆਂ ਅਤੇ ਵੱਡੇ ਅਫ਼ਸਰਾਂ ਵਲੋਂ ਦਬਾਅ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ।
ਪੱਲਵੀਂ ਦਾ ਇਕ ਸੁਪਨਾ ਹੈ ਕਿ ਉਸ ਨੇ ਆਪਣੀ ਪਿੰਡ ਦੀ ਪੰਚਾਇਤ ਨੂੰ ਨੈਸ਼ਨਲ ਐਵਾਰਡ ਦਿਵਾਉਣਾ ਹੈ।
ਪਿੰਡ ਦੀ ਸਮੱਸਿਆ ਨੂੰ ਸੁਲਝਾਉਣ ਲਈ ਆਪ ਅੱਗੇ ਹੋ ਕੇ ਕਰਦੀ ਹੈ ਕੰਮ
ਪੱਲਵੀ ਦਾ ਕਹਿਣਾ ਹੈ ਕਿ ਕਈ ਪਿੰਡਾਂ ਵਿਚ ਸਰਪੰਚ ਕੋਈ ਹੋਰ ਹੁੰਦਾ ਹੈ ਤੇ ਉਸਦਾ ਫੋਨ ਕੋਈ ਹੋਰ ਚੁੱਕਦਾ ਹੈ ਜਾਂ ਮਸਲੇ ਕੋਈ ਹੋਰ ਹੀ ਨਬੇੜਦਾ ਹੈ, ਪਰ ਉਹ ਇਵੇਂ ਨਹੀਂ ਕਰਦੀ। ਉਸਦਾ ਕਹਿਣਾ ਹੈ ਕਿ ਸਾਰੇ ਆਫਸ਼ੀਅਲ਼ ਕੰਮ ਤੇ ਪਿੰਡ ਦੇ ਮਸਲੇ ਉਹ ਆਪ ਹੀ ਸੁਲਝਾਉਂਦੀ ਹੈ। ਪੱਲਵੀ ਇਕ ਨੌਜਵਾਨ ਸਰਪੰਚ ਹੈ, ਇਸ ਕਰਕੇ ਉਸਦੇ ਕੁੱਝ ਕੰਮਾਂ ਵਿੱਚ ਉਸਦੀ ਮਦਦ ਪਿਤਾ ਕੇਵਲ ਸਿੰਘ ਵੀ ਕਰਦੇ ਹਨ। ਜਦ ਵੀ ਕੋਈ ਪੰਚਾਇਤੀ ਕੰਮ ਹੁੰਦਾ ਹੈ ਤਾਂ ਉਹ ਬਾਹਰ ਵੀ ਆਪ ਹੀ ਜਾਂਦੀ ਹੈ ਤੇ ਕਦੀ-ਕਦੀ ਪਿਤਾ ਵੀ ਚਲੇ ਜਾਂਦੇ ਹਨ। ਪਿੰਡ ਹਾੜਾ ਦੀ ਕੋਈ ਸਮੱਸਿਆ ਹੋਵੇ ਪੱਲਵੀ ਉਸ ਨੂੰ ਬੜੀ ਸੂਝ ਨਾਲ ਸੁਣਦੀ ਹੈ ਅਤੇ ਉਸਨੂੰ ਸੁਲਝਾਉਣ ਲਈ ਆਪ ਅੱਗੇ ਹੋ ਕੇ ਕੰਮ ਕਰਦੀ ਹੈ।
ਪੱਲਵੀ ਦੇ ਪਿਤਾ ਨੂੰ ਪਿੰਡ ਹਾੜਾ ਦੇ ਨਾਂ ਦੀ ਦੇਸ਼ ‘ਚ ਸ਼ੋਭਾ ਹੋਣ ‘ਤੇ ਮਾਣ
ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਆਪਣੇ ਪਿੰਡ ਹਾੜਾ ਬਾਰੇ ਗੱਲ ਹੋਣ ਤੋਂ ਬਾਅਦ ਪੱਲਵੀ ਦੇ ਪਿਤਾ ਕੇਵਲ ਸਿੰਘ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਪੱਲਵੀ ਆਪਣੇ ਪਿੰਡ ਦੀਆਂ ਗਲੀਆਂ ਨੂੰ ਮੋਹਾਲੀ ਦੀਆਂ ਸੜਕਾਂ ਵਰਗਾ ਦੇਖਣਾ ਚਾਹੁੰਦੀ ਹੈ। ਪੱਲਵੀ ਨੂੰ ਤੇ ਪਿਤਾ ਕੇਵਲ ਸਿੰਘ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਿਸ ਪਿੰਡ ਨੂੰ ਕੋਈ ਨਹੀਂ ਜਾਣਦਾ ਸੀ। ਅੱਜ ਉਸ ਪਿੰਡ ਹਾੜਾ ਦੀ ਪੂਰੇ ਦੇਸ਼ ਵਿਚ ਸ਼ੋਭਾ ਹੋ ਰਹੀ ਹੈ।
ਪਿੰਡ ਹਾੜਾ ਦਾ ਨਾਂ ਰੋਸ਼ਨ ਕਰਕੇ ਦੁਨੀਆ ਦੇ ਨਕਸ਼ੇ ‘ਤੇ ਚਮਕਾਉਣ ਦੀ ਹੈ ਖਵਾਹਿਸ਼
ਪੱਲਵੀ ਆਪਣੇ ਪਿੰਡ ਅਤੇ ਆਪਣੇ ਖਾਨਦਾਨ ਦਾ ਨਾਂ ਦੁਨੀਆਂ ਦੇ ਨਕਸ਼ੇ ਵਿਚ ਚਮਕਦਾ ਦੇਖਣਾ ਚਾਹੁੰਦੀ ਹੈ। ਪੱਲਵੀ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਸ ਦਾ ਇਕ ਹੀ ਸੁਪਨਾ ਹੈ ਕਿ ਉਹ ਜੋ ਵੀ ਕਰੇ ਆਪਣੇ ਪਿੰਡ ਹਾੜੇ ਲਈ ਹੀ ਕਰੇ।
ਪੱਲਵੀ ਦਾ ਦੇਸ਼ ਵਾਸੀਆਂ ਨੂੰ ਸੁਨੇਹਾ : ਪਲਵੀ ਕੁੜੀਆਂ ਦੇ ਹੱਕਾਂ ਲਈ ਕਹਿੰਦੀ ਹੈ ਕਿ ਮਾਪਿਆਂ ਨੂੰ ਕੁੜੀਆਂ ਨੂੰ ਪੜ੍ਹਾਉਣਾ–ਲਿਖਾਉਣਾ ਤੇ ਮੁੰਡਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ। ਪਿੰਡਾਂ ਦੇ ਸਰਪੰਚਾਂ ਨੂੰ ਪੱਲਵੀ ਦਾ ਕਹਿਣਾ ਹੈ ਕਿ ਸਾਰੇ ਪਿੰਡ ਨੂੰ ਆਪਣੇ ਘਰ ਵਾਂਗ ਸਮਝਣਾ ਚਾਹੀਦਾ ਹੈ ਜਿਵੇਂ ਅਸੀਂ ਘਰ ਨੂੰ ਸਾਫ-ਸੂਥਰਾ ਰੱਖਣ ਤੇ ਉਸਦੇ ਵਿਕਾਸ ਬਾਰੇ ਸੋਚਦੇ ਹਾਂ, ਉਸੇ ਤਰ੍ਹਾਂ ਆਪਣੇ ਪਿੰਡ ਦੀਆਂ ਸੱਮਸਿਆਵਾਂ ਨੂੰ ਹਲ ਕਰਕੇ ਵਿਕਾਸ ਕਰਨਾ ਚਾਹੀਦਾ ਹੈ।
Very Very Good And Excellent News Official Organisation
Comments are closed.