ਲੌਕਡਾਊਨ ਖੁੱਲ੍ਹਦਿਆਂ ਹੀ ਡੀਏਵੀ ਯੂਨੀਵਰਸਿਟੀ ‘ਚ ਪੇਪਰ ਨਹੀਂ ਲਏ ਜਾਣਗੇ : ਵੀਸੀ ਦੇਸ਼ਬੰਧੂ ਗੁਪਤਾ

0
12284

ਗੁਰਪ੍ਰੀਤ ਡੈਨੀ | ਜਲੰਧਰ

ਜਲੰਧਰ ਦੇ ਸਮੱਸਤਪੁਰ ‘ਚ 2013 ਵਿਚ ਬਣੀ ਡੀਏਵੀ ਯੂਨੀਵਰਸਿਟੀ ਦਾ ਅੱਜ ਸਥਾਪਨਾ ਦਿਵਸ ਹੈ। ਇਸ ਮੌਕੇ ‘ਤੇ ਡੀਏਵੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਇਸ ਚਾਂਸਲਰ ਦੇਸ਼ਬੰਧੂ ਗੁਪਤਾ ਨਾਲ ਹੋਈ ਖ਼ਾਸ ਗੱਲਬਾਤ ‘ਚ ਉਹਨਾਂ ਦੱਸਿਆ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਡੀਏਵੀ ਯੂਨੀਵਰਸਿਟੀ ਕੀ-ਕੀ ਉਪਰਾਲੇ ਕਰ ਰਹੀ ਹੈ। ਕੋਰੋਨਾ ਸੰਕਟ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਭੱਵਿਖ ਨੂੰ ਲੈ ਕੇ ਯੂਨੀਵਰਸਿਟੀ ਵਲੋਂ ਬਣਾਈਆਂ ਯੋਜਨਾਵਾਂ ਬਾਰੇ ਵੀ ਉਹਨਾਂ ਵਿਸਥਾਰ ਨਾਲ ਦੱਸਿਆ। ਪੜ੍ਹੋ ਉਹਨਾਂ ਨਾਲ ਹੋਈ ਲੰਮੀ ਗੱਲਬਾਤ ਦੇ ਕੁਝ ਖ਼ਾਸ ਹਿੱਸੇ।

ਲੌਕਡਾਊਨ ‘ਚ ਡੀਏਵੀ ਯੂਨੀਵਰਸਿਟੀ ਆਪਣੇ ਬੱਚਿਆ ਨੂੰ ਕਿਵੇਂ ਪੜ੍ਹਾ ਰਹੀ ਹੈ?

ਜਵਾਬ – ਸਾਡੀਆਂ ਆਨਲਾਇਨ ਕਲਾਸਾਂ ਚੱਲ ਰਹੀਆਂ ਹਨ। ਟੀਚਰਾਂ ਵਲੋਂ ਵੱਟਸਐਪ, ਈਮੇਲ ਰਾਹੀ ਬੱਚਿਆਂ ਨੂੰ ਸਾਰਾ ਟੈਕਸਟ ਮਟੀਰੀਅਲ ਭੇਜਿਆ ਜਾ ਰਿਹਾ ਹੈ। ਬਕਾਇਦਾ ਟਾਇਮ ਟੇਬਲ ਬਣਾਇਆ ਗਿਆ ਹੈ। ਜੂਮ ਐਪ, ਗੂਗਲ ਕਲਾਸ ਰੂਮ ਦੇ ਜ਼ਰੀਏ ਕਲਾਸਾਂ ਰੈਗੂਲਰ ਲੱਗਦੀਆਂ ਹਨ। ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਟੀਚਰ 24 ਘੰਟੇ ਤਿਆਰ ਰਹਿੰਦੇ ਹਨ। 30 ਅਪ੍ਰੈਲ ਤੱਕ ਬੱਚਿਆ ਦਾ ਸਾਰਾ ਸਿਲੇਬਸ ਕਵਰ ਕਰ ਦਿੱਤਾ ਜਾਵੇਗਾ। ਕੋਰੋਨਾ ਕਾਰਨ ਜਦੋਂ ਯੂਨੀਵਰਸਿਟੀ ਬੰਦ ਹੋਈ, ਉਸ ਸਮੇਂ ਤੱਕ ਸਿਲੇਬਸ ਦੇ ਦੋ ਯੂਨਿਟ ਆਲਮੋਸਟ ਕਵਰ ਹੋ ਗਏ ਸਨ।

ਲੌਕਡਾਊਨ ਤੋਂ ਬਾਅਦ ਐਜੂਕੇਸ਼ਨ ਸੈਕਟਰ ਵਿਚ ਕੀ ਬਦਲਾਵ ਵੇਖਦੇ ਹੋ?

ਜਵਾਬ – ਲੌਕਡਾਊਨ ਦੋ ਮਹੀਨੇ ਹੋਰ ਵੀ ਚੱਲ ਸਕਦਾ ਹੈ। ਸਾਨੂੰ ਤਕਨੋਲੋਜੀ ਵਿਕਸਿਤ ਕਰਨ ਦੀ ਲੋੜ ਹੈ। ਜੰਮੂ-ਕਸ਼ਮੀਰ ਤੇ ਪੇਂਡੂ ਇਲਾਕਿਆਂ ਵਿੱਚ ਜੋ ਵਿਦਿਆਰਥੀ ਰਹਿੰਦੇ ਹਨ, ਉਨ੍ਹਾਂ ਨੂੰ ਪਰੇਸ਼ਾਨੀ ਆ ਰਹੀ ਹੈ। ਨੈਟਵਰਕ ਦੀ ਵੀ ਸਮੱਸਿਆ ਰਹਿੰਦੀ ਹੈ। ਲੌਕਡਾਊਨ ਖੁੱਲ੍ਹਣ ਤੋਂ ਬਾਅਦ ਤਕਨੋਲੋਜੀ ਨੂੰ ਵਿਕਸਿਤ ਕਰਨ ਲਈ ਕੰਮ ਕੀਤਾ ਜਾਵੇਗਾ। ਸਟੂਡੇਂਟਸ ਦੀ ਫੀਡਬੈਕ ਅਸੀਂ ਆਪਣੀ ਪਰਸਨਲ ਈਮੇਲ ‘ਤੇ ਲੈ ਰਹੇ ਹਾਂ। ਟੀਚਰਾਂ ਦੀ ਫੀਡਬੈਕ ਵੀ ਈਮੇਲ ‘ਤੇ ਮੰਗਵਾਈ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਸਮੱਸਿਆ ਹਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

  • ਲੌਕਡਾਊਨ ਖੁੱਲ੍ਹਦਿਆਂ ਹੀ ਅਸੀਂ ਸਟੂਡੈਂਟਸ ਦੇ ਪੇਪਰ ਨਹੀਂ ਲਵਾਂਗੇ। ਕਲਾਸਾਂ ਲੱਗਣ ਤੋਂ ਬਾਅਦ ਸਮੱਸਿਆ ਦੂਰ ਕਰਕੇ ਹੀ ਪੇਪਰ ਲਏ ਜਾਣਗੇ।
  • ਜਿਹੜੇ ਵਿਦਿਆਰਥੀ ਘਰ ਬੈਠੇ ਆਨਲਾਇਨ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਨੂੰ ਪੂਰਾ ਕ੍ਰੈਡਿਟ ਦਿੱਤਾ ਜਾਵੇਗਾ।

ਯੂਨੀਵਰਸਿਟੀ ਵਿੱਚ ਬਿਹਾਰ, ਦਿੱਲੀ, ਹਿਮਾਚਲ, ਯੂਪੀ ਦੇ ਸਟੂਡੈਂਟਸ ਵੀ ਪੜ੍ਹਦੇ ਹਨ। ਲੌਕਡਾਊਨ ਤੋਂ ਬਾਅਦ ਉਹ ਜਦ ਟ੍ਰੇਨਾਂ ਵਿੱਚ ਆਉਣਗੇ ਤਾਂ ਧਿਆਨ ਵਿੱਚ ਰੱਖਿਆ ਜਾਵੇਗਾ ਕਿ ਕਿਸੇ ਕਿਸਮ ਦਾ ਕੋਈ ਰਿਸਕ ਤਾਂ ਨਹੀਂ ਹੈ। ਉਸ ਤੋਂ ਬਾਅਦ ਉਹਨਾਂ ਦੇ ਪੇਪਰ ਲਏ ਜਾਣਗੇ।

ਯੂਨੀਵਰਸਿਟੀ ਬਣਨ ਨਾਲ ਪੇਂਡੂ ਇਲਾਕਿਆਂ ਨੂੰ ਕੀ ਫਾਇਦਾ ਹੋਇਆ ਹੈ?

ਜਵਾਬ – ਯੂਨੀਵਰਸਿਟੀ ਵਿਚ ਰੂਰਲ ਏਰੀਆਂ ਦੇ ਵਿਦਿਆਰਥੀ ਜ਼ਿਆਦਾ ਹਨ। ਆਲੇ-ਦੁਆਲੇ ਦੇ ਲੋਕਾਂ ਨੇ ਪੀਜੀ ਬਣਾ ਲਏ ਹਨ। ਕ੍ਰਿਸ਼ਨਗੜ੍ਹ ਵਿਚ ਦੁਕਾਨਾਂ ਖੁੱਲ੍ਹ ਗਈਆਂ ਹਨ। ਅਸੀਂ ਸੰਘਵਾਲ ਪਿੰਡ ਗੋਦ ਲਿਆ ਹੈ। ਸਰਕਾਰ ਨੇ ਸਾਨੂੰ ਨਾਲ ਮਿਲ ਕੇ ਚੱਲਣ ਲਈ ਕਿਹਾ ਹੈ ਕਿਉਂਕਿ ਯੂਨੀਵਰਸਿਟੀ ਬਣਨ ਕਾਰਨ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।

ਕੋਰੋਨਾ ਸੰਕਟ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ 1930 ਵਰਗੀ ਮੰਦੀ ਲਿਆਵੇਗਾ। ਤੁਹਾਡੇ ਮੁਤਾਬਿਕ ਇਸ ਸੰਕਟ ਤੋਂ ਬਾਅਦ ਦੁਨੀਆਂ ਕੈਸੀ ਹੋਏਗੀ?

ਜਵਾਬ – 1930 ਵਿੱਚ ਤਾਂ ਵੱਡੀ ਤ੍ਰਾਸਦੀ ਆਈ ਸੀ, ਪਰ ਇਹ ਸੰਕਟ ਉਸ ਤਰ੍ਹਾਂ ਦਾ ਨਹੀਂ ਹੈ। ਇਹ ਸੰਕਟ ਉੰਨਾ ਖਤਰਨਾਕ ਵੀ ਨਹੀਂ ਹੋ ਸਕਦਾ ਕਿਉਂਕਿ ਕੋਰੋਨਾ ਨਾਲ ਜੰਗ ਜਿੱਤਣ ਲਈ ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਆਪਣੇ-ਆਪਣੇ ਸੂਬੇ ਦੇ ਲੋਕਾਂ ਨੂੰ ਜਿਉਂਦੇ ਰੱਖਣ ਲਈ ਖਾਣਾ ਦੇ ਰਹੀਆਂ ਹਨ। 20 ਅਪ੍ਰੈਲ ਤੋਂ ਜਿਨ੍ਹਾਂ ਕਾਰੋਬਾਰਾਂ ਵਿੱਚ ਢਿੱਲ ਦਿੱਤੀ ਜਾਏਗੀ ਉਸ ਤੋਂ ਥੋੜੀ ਰਾਹਤ ਮਿਲਣੀ ਸ਼ੁਰੂ ਹੋ ਜਾਏਗੀ। ਅਮਰੀਕਾ ਵਿੱਚ ਟਰੰਪ ਨੇ ਅਰਥਵਿਵਸਥਾ ਨੂੰ ਬਚਾਉਣ ਲਈ ਰਿਸਕ ਲਿਆ ਤੇ ਲਾਕਡਾਊਨ ਨਹੀਂ ਕੀਤਾ ਅਤੇ ਹੁਣ ਖਮਿਆਜਾ ਵੀ ਭੁਗਤ ਰਿਹਾ ਹੈ। ਸਿਹਤ ਵਿਭਾਗ ਨੇ ਵੀ ਕਿਹਾ ਹੈ ਕਿ ਇਹ ਵਾਇਰਸ ਹੁਣ ਉਸ ਤਰੀਕੇ ਨਾਲ ਅਟੈਕ ਨਹੀਂ ਕਰ ਰਿਹਾ, ਜਿਸ ਤਰੀਕੇ ਨਾਲ ਸ਼ੁਰੂ ਵਿਚ ਕਰਦਾ ਸੀ।

ਡੀਏਵੀ ਸੰਸਥਾ ਕੋਰੋਨਾ ਸੰਕਟ ਖਿਲਾਫ਼ ਲੜਨ ਲਈ ਕੀ ਯੋਗਦਾਨ ਦੇ ਰਹੀ ਹੈ?

ਜਵਾਬ- ਕੋਰੋਨਾ ਸੰਕਟ ਖਿਲਾਫ਼ ਲੜਾਈ ਵਿੱਚ ਡੀਏਵੀ ਦੇ ਸਾਰੇ ਕਰਮਚਾਰੀਆਂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਦਿੱਤੀ ਹੈ। ਕੁੱਲ 5 ਕਰੋੜ ਰੁਪਇਆ ਪੀਐੱਮ ਫੰਡ ਲਈ ਦਿੱਤਾ ਗਿਆ ਹੈ।

ਡੀਏਵੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ‘ਤੇ ਤੁਸੀ ਕੀ ਸੁਨੇਹਾ ਦੇਣਾ ਚਾਹੋਗੇ?

ਵਿਦਿਆਰਥੀਆਂ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾ ਕੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਸਿਰਜਣਾ ਕਰਨਾ ਹੀ ਡੀਏਵੀ ਯੂਨੀਵਰਸਿਟੀ ਦਾ ਮੁੱਖ ਉਦੇਸ਼ ਹੈ। ਡੀਏਵੀ ਦੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਮੇਰਾ ਇਹੀ ਸੁਨੇਹਾ ਹੈ ਕਿ ਉਹ ਡੀਏਵੀ ਦੇ ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਨੂੰ ਪੂਰਾ ਕਰਨ ਵਿੱਚ ਆਪਣਾ ਭਰਪੂਰ ਯੋਗਦਾਨ ਦਿੰਦੇ ਰਹਿਣ। ਡੀਏਵੀ ਸੰਸਥਾ ਹਮੇਸ਼ਾ ਉਨ੍ਹਾਂ ਨਾਲ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੰਕਟ ਦੇ ਇਸ ਦੌਰ ਵਿੱਚ ਵੀ ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਹਰ ਕਰਮਚਾਰੀਆਂ ਵਲੋਂ ਆਪਣੀ ਭੂਮਿਕਾ ਬੜੇ ਸੁਚੱਜੇ ਢੰਗ ਨਾਲ ਨਿਭਾਈ ਜਾ ਰਹੀ ਹੈ।