ਹੁਸ਼ਿਆਰਪੁਰ ‘ਚ ਸੀਮੈਂਟ ਨਾਲ ਲੱਦੇ ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱ.ਗ, ਡੀਜ਼ਲ ਟੈਂਕੀ ਫਟੀ, ਮਚਿਆ ਹੜਕੰਪ

0
5236

ਹੁਸ਼ਿਆਰਪੁਰ, 28 ਫਰਵਰੀ | ਇਥੋਂ ਦੇ ਗੜ੍ਹਦੀਵਾਲਾ ‘ਚ ਅੱਜ ਮੁੱਖ ਮਾਰਗ ‘ਤੇ ਚੱਲਦੇ ਟਰੱਕ ਨੂੰ ਅੱਗ ਲੱਗਣ ਕਾਰਨ ਭਾਜੜਾਂ ਮੱਚ ਗਈਆਂ। ਰਾਹਗੀਰਾਂ ਦੇ ਨਾਲ-ਨਾਲ ਡਰਾਈਵਰ ਅਤੇ ਸੜਕ ਸੁਰੱਖਿਆ ਬਲਾਂ ਦੀ ਮੁਸਤੈਦੀ ਸਦਕਾ ਅੱਗ ‘ਤੇ ਕਾਬੂ ਪਾਇਆ ਗਿਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।

ਜਾਣਕਾਰੀ ਅਨੁਸਾਰ ਟਰੱਕ ਸੀਮੈਂਟ ਨਾਲ ਲੱਦਿਆ ਰੋਪੜ ਤੋਂ ਜੰਮੂ ਵੱਲ ਜਾ ਰਿਹਾ ਸੀ। ਜਦੋਂ ਇਹ ਟਰੱਕ ਗੜ੍ਹਦੀਵਾਲਾ ਵਿਚ ਦਾਖਲ ਹੋਇਆ ਤਾਂ ਟਰੱਕ ਦੇ ਪਿੱਛੇ ਤੋਂ ਹਲਕਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਲੋਕਾਂ ਨੇ ਸੋਚਿਆ ਕਿ ਟਰੱਕ ਦੇ ਡੀਜ਼ਲ ਵਿਚੋਂ ਧੂੰਆਂ ਨਿਕਲ ਰਿਹਾ ਹੈ ਪਰ ਜਦੋਂ ਇਹ ਟਰੱਕ ਗੜ੍ਹਦੀਵਾਲਾ ਬੱਸ ਸਟੈਂਡ ਤੋਂ ਥੋੜ੍ਹਾ ਅੱਗੇ ਗਿਆ ਤਾਂ ਅਚਾਨਕ ਟਰੱਕ ਵਿਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ।

ਜਦੋਂ ਸੜਕ ‘ਤੇ ਖੜ੍ਹੇ ਲੋਕਾਂ ਨੇ ਟਰੱਕ ਨੂੰ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਨੇ ਰੌਲਾ ਪਾਇਆ ਅਤੇ ਟਰੱਕ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਵੇਂ ਹੀ ਟਰੱਕ ਰੁਕਿਆ, ਅੱਗ ਦੀਆਂ ਲਪਟਾਂ ਹੋਰ ਤੇਜ਼ ਹੋ ਗਈਆਂ, ਜਿਸ ਕਾਰਨ ਲੋਕਾਂ ਵਿਚ ਭਗਦੜ ਮੱਚ ਗਈ। ਪਹਿਲਾਂ ਤਾਂ ਰਾਹਗੀਰ ਇਸ ਟਰੱਕ ਦੇ ਨੇੜੇ ਜਾਣ ਤੋਂ ਝਿਜਕ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਧਮਾਕੇ ਕਾਰਨ ਅੱਗ ਡੀਜ਼ਲ ਟੈਂਕੀ ਤੱਕ ਪਹੁੰਚ ਸਕਦੀ ਹੈ, ਫਿਰ ਕੁਝ ਲੋਕਾਂ ਨੇ ਹਿੰਮਤ ਦਿਖਾਈ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਸੜਕ ‘ਤੇ ਗਸ਼ਤ ਕਰ ਰਹੀ ਰੋਡ ਸੇਫਟੀ ਫੋਰਸ ਦੀ ਟੀਮ ਵੀ ਅਚਾਨਕ ਮੌਕੇ ‘ਤੇ ਪਹੁੰਚ ਗਈ ਅਤੇ ਇਸ ਟੀਮ ਦੇ ਇੰਚਾਰਜ ਏਐਸਆਈ ਦਵਿੰਦਰ ਸਿੰਘ, ਹੈੱਡ ਕਾਂਸਟੇਬਲ ਗੁਰਦਿਆਲ ਸਿੰਘ ਅਤੇ ਮੀਨਾਕਸ਼ੀ ਸ਼ਰਮਾ ਆਦਿ ਨੇ ਵੀ ਮੌਕੇ ‘ਤੇ ਪਹੁੰਚ ਕੇ ਲੋਕਾਂ ਦੀ ਮਦਦ ਕੀਤੀ। ਜੇਕਰ ਲੋਕਾਂ ਨੇ ਸਮੇਂ-ਸਿਰ ਹਿੰਮਤ ਨਾ ਦਿਖਾਈ ਹੁੰਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਇਸ ਟਰੱਕ ਦੀ ਡੀਜ਼ਲ ਟੈਂਕੀ ਨੂੰ ਅੱਗ ਲੱਗ ਗਈ ਅਤੇ ਫਟ ਗਿਆ। ਹਾਦਸੇ ਦਾ ਕਾਰਨ ਟਰੱਕ ਦਾ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ।