ਹਰਿਆਣਾ, 27 ਫਰਵਰੀ | ਪਾਣੀਪਤ ਜ਼ਿਲ੍ਹੇ ਦੇ ਬਾਪੌਲੀ ਕਸਬੇ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਏਜੰਟ ਦੀ ਧੋਖਾਧੜੀ ਤੋਂ ਪ੍ਰੇਸ਼ਾਨ ਹੋ ਕੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਨੌਜਵਾਨ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ, ਜਿਸ ਤੋਂ ਕਰਨਾਲ ਦੇ ਰਹਿਣ ਵਾਲੇ ਇਕ ਏਜੰਟ ਨੇ 5 ਲੱਖ ਰੁਪਏ ਲਏ ਪਰ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਕਾਰਨ ਨੌਜਵਾਨ ਨੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਕੇ ਜਾਨ ਦੇ ਦਿੱਤੀ। ਪੁਲਿਸ ਨੇ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ‘ਤੇ ਕਰਨਾਲ ਦੇ ਰਹਿਣ ਵਾਲੇ ਏਜੰਟ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਚਾਂਦਨੀਬਾਗ ਥਾਣੇ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਕੁਮਾਰ ਨੇ ਦੱਸਿਆ ਕਿ ਉਹ ਪਿੰਡ ਗੜ੍ਹੀ ਭਲੌਰ, ਬਪੌਲੀ ਦਾ ਰਹਿਣ ਵਾਲਾ ਹੈ। ਉਹ ਤਿੰਨ ਬੱਚਿਆਂ (ਦੋ ਪੁੱਤਰਾਂ ਅਤੇ ਇਕ ਧੀ) ਦਾ ਪਿਤਾ ਹੈ। ਉਸ ਦਾ ਵੱਡਾ ਪੁੱਤਰ ਰਾਹੁਲ 23 ਸਾਲ ਦਾ ਸੀ, ਜੋ 12ਵੀਂ ਪਾਸ ਸੀ। ਕਰੀਬ ਇਕ ਸਾਲ ਪਹਿਲਾਂ ਰਾਹੁਲ ਨੂੰ ਵਿਦੇਸ਼ ਭੇਜਣ ਲਈ ਕਾਗਜ਼ ਤਿਆਰ ਕੀਤੇ ਗਏ ਸਨ। ਆਸਟ੍ਰੇਲੀਆ ਦੀ ਫਾਈਲ ਰੱਦ ਹੋਣ ਕਾਰਨ ਰਾਹੁਲ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਿਆ। ਇਸ ਤੋਂ ਬਾਅਦ ਰਾਹੁਲ ਨੀਲੋਖੇੜੀ ‘ਚ ਕਰਨਾਲ ਦੇ ਕਾਰਸਾ ਪਿੰਡ ਦੇ ਰਹਿਣ ਵਾਲੇ ਏਜੰਟ ਕੁਲਦੀਪ ਸ਼ਰਮਾ ਨੂੰ ਮਿਲਿਆ। ਕੁਲਦੀਪ ਨੇ ਕਾਗਜ਼ਾਂ ਦੀ ਤਿਆਰੀ ਦੇ ਨਾਂਅ ‘ਤੇ ਉਸ ਸਮੇਂ 50 ਹਜ਼ਾਰ ਰੁਪਏ ਲਏ ਸਨ। ਕਾਗਜ਼ ਤਿਆਰ ਹੋਣ ਤੋਂ ਬਾਅਦ ਉਸ ਨੇ ਹੋਰ ਸਾਢੇ 4 ਲੱਖ ਰੁਪਏ ਲਏ।
ਜਦੋਂ ਕੁਲਦੀਪ ਨੂੰ ਵੀਜ਼ੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਫਾਈਲ ਰਿਫਿਊਜ਼ ਹੋ ਗਈ ਹੈ। ਇਸ ਤੋਂ ਬਾਅਦ ਏਜੰਟ ਨੇ ਪੈਸੇ ਵਾਪਸ ਕਰਨ ਨੂੰ ਲੈ ਕੇ ਵੀ ਕਈ ਵਾਰ ਟਾਲ-ਮਟੋਲ ਕੀਤਾ ਅਤੇ ਬਾਅਦ ਵਿਚ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਇਸ ਕਾਰਨ ਰਾਹੁਲ ਨੇ ਮੌਤ ਨੂੰ ਗਲੇ ਲਗਾ ਲਿਆ।