ਸ੍ਰੀ ਖੁਰਾਲਗੜ੍ਹ ਸਾਹਿਬ ਲੰਗਰ ਦਾ ਸਾਮਾਨ ਲਿਜਾ ਰਹੀ ਟਰਾਲੀ ਪਲਟੀ, 3 ਸ਼ਰਧਾਲੂਆਂ ਦੀ ਮੌਤ

0
1694

ਗੜ੍ਹਸ਼ੰਕਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਮੌਕੇ ਲਗਾਏ ਜਾਣ ਵਾਲੇ ਲੰਗਰ ਦਾ ਸਾਮਾਨ ਲਿਜਾ ਰਹੀ ਟਰੈਕਟਰ-ਟਰਾਲੀ ਤੜਕਸਾਰ ਪਲਟ ਗਈ, ਜਿਸ ਕਾਰਨ 3 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ ਚਾਕਰ ਨੇ ਦੱਸਿਆ ਕਿ ਪਿੰਡ ਬੋਦਲ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸੰਗਤ ਵੱਲੋਂ ਹਰ ਸਾਲ ਵਿਸਾਖੀ ਮੌਕੇ ਲੰਗਰ ਲਗਾਇਆ ਜਾਂਦਾ ਹੈ ਜੋ ਕਿ ਇਸ ਵਾਰ ਵੀ ਲੰਗਰ ਲਈ ਰਸਦ ਲੈ ਕੇ ਆ ਰਹੇ ਸਨ।

ਸਵੇਰੇ ਕਰੀਬ 5.30 ਵਜੇ ਪਿੰਡ ਗੜ੍ਹੀ ਮਾਨਸੋਵਾਲ ਤੋਂ ਖੁਰਾਲਗੜ੍ਹ ਸਾਹਿਬ ਤੋਂ ਉਤਰਨ ‘ਤੇ ਅਚਾਨਕ ਟਰਾਲੀ ਪਲਟ ਗਈ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਟਰੈਕਟਰ ਚਾਲਕ ਜੱਸੀ (27) ਪੁੱਤਰ ਗੁਰਚਰਨ ਸਿੰਘ, ਸਾਧਾ ਬਾਬਾ (65) ਪੁੱਤਰ ਅਤੇ ਹੈਰੀ (15 ) ਪੁੱਤਰ ਦਰਸ਼ਨ ਸਿੰਘ ਸਾਰੇ ਵਾਸੀ ਬੋਦਲ ਸ਼ਾਮਲ ਹਨ।

ਟਰਾਲੀ ਵਿਚ ਕੁਲ 13 ਵਿਅਕਤੀ ਸਵਾਰ ਸਨ ਜਿਨ੍ਹਾਂ ਵਿਚੋਂ ਕੁਝ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਲਾਗਲੇ ਪਿੰਡ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚ ਸੁੱਖਦੀਪ, ਅਵਤਾਰ ਸਿੰਘ, ਅਰਸ਼, ਪਵਨਪ੍ਰੀਤ, ਜੋਬਨਪ੍ਰੀਤ, ਸੰਦੀਪ ਸਿੰਘ, ਵਿਜੈ, ਲਵਪ੍ਰੀਤ ਸਿੰਘ, ਗੁਰਸੇਵਕ ਸਿੰਘ, ਜੀਤੀ ਸ਼ਾਮਲ ਹਨ।