ਅੰਮ੍ਰਿਤਸਰ| ਹਰਿਮੰਦਰ ਸਾਹਿਬ ਵਿਚ ਚਿਹਰੇ ਉਤੇ ਤਿਰੰਗੇ ਦਾ ਸਟਿੱਕਰ ਲਾ ਕੇ ਆਈ ਕੁੜੀ ਨੂੰ ਅੰਦਰ ਜਾਣ ਤੋਂ ਰੋਕਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਧਰ, ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿਚ ਕਮੇਟੀ ਦੇ ਕਰਮਚਾਰੀ ਵੱਲੋਂ ਸ਼ਰਧਾਲੂ ਨਾਲ ਕੀਤੇ ਵਿਵਹਾਰ ਉਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਸਬੰਧੀ ਹੋ ਰਹੀ ਨੁਕਤਾਚੀਨੀ ਉਤੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਕਮੇਟੀ ਦੇ ਕਰਮਚਾਰੀ ਵੱਲੋਂ ਕੀਤੇ ਵਿਵਹਾਰ ਕਾਰਨ ਜੇ ਕਿਸੇ ਸ਼ਰਧਾਲੂ ਦਾ ਮਨ ਦੁਖਿਆ ਹੈ ਤਾਂ ਉਸ ਲਈ ਸ਼੍ਰੋਮਣੀ ਕਮੇਟੀ ਅਫਸੋਸ ਦਾ ਪ੍ਰਗਟਾਵਾ ਕਰਦੀ ਹੈ।
ਹਰਿਮੰਦਰ ਸਾਹਿਬ ਵਿਖੇ ਚਾਰੋਂ ਦਿਸ਼ਾਵਾਂ ਤੋਂ ਹਰ ਧਰਮ, ਹਰ ਜਾਤ ਅਤੇ ਹਰ ਵਰਗ ਦਾ ਸ਼ਰਧਾਲੂ ਨਤਮਸਤਕ ਹੋਣ ਲਈ ਆ ਸਕਦਾ ਹੈ ਅਤੇ ਇਸ ਸਬੰਧੀ ਕਿਸੇ ਉਤੇ ਕੋਈ ਰੋਕ ਨਹੀ ਹੈ, ਜੋ ਲੋਕ ਇਸ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਪੇਸ਼ ਕਰ ਰਹੇ ਹਨ, ਨੂੰ ਉਨ੍ਹਾਂ ਨੇ ਕਿਹਾ ਕਿ ਇਸ ਤਿਰੰਗੇ ਦਾ ਮਾਣ-ਸਨਮਾਨ ਸਿੱਖਾਂ ਨੇ ਸਭ ਤੋਂ ਵਧੇਰੇ ਵਧਾਇਆ ਹੈ ਅਤੇ ਇਸ ਦੇ ਮਾਣ-ਸਨਮਾਨ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ।
ਕੁਝ ਤਾਕਤਾਂ ਸਿੱਖਾਂ ਨੂੰ ਬਦਨਾਮ ਅਤੇ ਸਿੱਖਾਂ ਦੀ ਸਾਖ ਨੂੰ ਖਰਾਬ ਕਰਨਾ ਚਾਹੁੰਦੀਆ ਹਨ, ਅਜਿਹੇ ਯਤਨ ਪਹਿਲਾਂ ਵੀ ਹੋ ਚੁੱਕੇ ਹਨ।







































