ਲੁਧਿਆਣਾ ‘ਚ ਜ਼ਹਿਰੀਲੀ ਧੁੰਦ ਦਾ ਕਹਿਰ ; AQI 400 ਤੋਂ ਪਾਰ, ਯੈਲੋ ਅਲਰਟ ਜਾਰੀ

0
226

ਲੁਧਿਆਣਾ, 15 ਨਵੰਬਰ | ਲੁਧਿਆਣਾ ਵਿਚ ਜ਼ਹਿਰੀਲੀ ਧੁੰਦ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ-ਰਾਤ ਲਗਾਤਾਰ ਪੈ ਰਹੀ ਜ਼ਹਿਰੀਲੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਖਾਸ ਕਰ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਦਿਹਾਤੀ ਖੇਤਰਾਂ ਵਿਚ ਵਿਜ਼ੀਬਿਲਟੀ 5 ਮੀਟਰ ਅਤੇ ਸ਼ਹਿਰ ਵਿਚ 50 ਮੀਟਰ ਤੱਕ ਸੀ। ਸੰਘਣੀ ਧੁੰਦ ਕਾਰਨ ਆਵਾਜਾਈ ਵੀ ਹੌਲੀ-ਹੌਲੀ ਚੱਲੀ। ਦਿਨ ਵੇਲੇ ਵੀ ਡਰਾਈਵਰਾਂ ਨੂੰ ਹੈੱਡਲਾਈਟਾਂ ਜਗਾ ਕੇ ਗੱਡੀ ਚਲਾਉਣੀ ਪੈਂਦੀ ਹੈ। ਲੁਧਿਆਣਾ ਦਾ ਹਵਾ ਗੁਣਵੱਤਾ ਸੂਚਕ ਅੰਕ ਵਿਗੜ ਗਿਆ ਹੈ। ਬੀਤੀ ਰਾਤ AQI 400 ਨੂੰ ਪਾਰ ਕਰ ਗਿਆ।

ਹੰਬੜਾ ਰੋਡ ‘ਤੇ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੜਕ ’ਤੇ ਨਾ ਤਾਂ ਟ੍ਰੈਫਿਕ ਦੀ ਵਾਈਟ ਲਾਈਨ ਹੈ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਰਿਫਲੈਕਟਰ ਲਗਾਇਆ ਗਿਆ ਹੈ। ਰਿਫਲੈਕਟਰ ਨਾ ਲਗਾਏ ਜਾਣ ਕਾਰਨ ਹੰਬੜਾ ਰੋਡ ’ਤੇ ਹਾਦਸੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਰਾਤ ਵੇਲੇ ਹੰਬੜਾ ਰੋਡ ’ਤੇ 10 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਲੋਕਾਂ ਨੂੰ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਲੱਗ ਰਿਹਾ ਹੈ। ਕਿਸੇ ਵੀ ਚੌਕ ’ਤੇ ਟ੍ਰੈਫਿਕ ਪੁਲਿਸ ਤਾਇਨਾਤ ਨਹੀਂ ਹੈ।