ਜਗਰਾਓਂ| ਜਗਰਾਓਂ ਦੇ ਐੱਸਐੱਸਪੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਦਲਵੀਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਨਵਨੀਤ ਸਿੰਘ ਬੈਂਸ ਦੇ ਨਿਰਦੇਸ਼ਾਂ ’ਤੇ ਐੱਸਪੀ ਹਰਿੰਦਰਪਾਲ ਸਿੰਘ ਪਰਮਾਰ ਦੀ ਨਿਗਰਾਨੀ ਹੇਠ ਉਨ੍ਹਾਂ ਸਮੇਤ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਵੱਲੋਂ ਮੁਲਜ਼ਮ ਨਿਰਮਲ ਸਿੰਘ ਉਰਫ ਮੋਨੂੰ ਪੁੱਤਰ ਦਲਜੀਤ ਸਿੰਘ ਵਾਸੀ ਕਮਾਲਪੁਰਾ ਅਤੇ ਇਕਬਾਲ ਸਿੰਘ ਉਰਫ ਬੰਟੀ ਪੁੱਤਰ ਸੁਖਦੇਵ ਸਿੰਘ ਵਾਸੀ ਮੁੱਲਾਂਪੁਰ ਨੂੰ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਆਮ ਲੋਕਾਂ ਨੂੰ ਅਪਣੀਆਂ ਔਰਤਾਂ ਕੋਲੋਂ ਫੋਨ ਕਰਵਾਉਂਦੇ ਸਨ ਅਤੇ ਉਨ੍ਹਾਂ ਦੀਆਂ ਗੱਲਾਂ ਵਿਚ ਆਉਣ ਵਾਲੇ ਲੋਕਾਂ ਨੂੰ ਮਿਲਣ ਲਈ ਬੁਲਾ ਕੇ ਬਲੈਕਮੇਲ ਕਰਦੇ ਸਨ। ਇਨ੍ਹਾਂ ਨਾਲ ਸ਼ਾਮਿਲ ਨਿਰਮਲ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਇਕਬਾਲ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਅਜੇ ਫਰਾਰ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵੱਲੋਂ ਬਲਵੀਰ ਸਿੰਘ ਵਾਸੀ ਡਾਂਗੀਆਂ ਨੂੰ ਆਪਣੇ ਜਾਲ ਵਿਚ ਫਸਾਇਆ ਗਿਆ, ਜਿਸ ਵਿਚ ਮਨਜੀਤ ਕੌਰ ਨੇ ਬਲਵੀਰ ਨੂੰ ਫੋਨ ਕਰ ਕੇ ਅਜੀਤਵਾਲ ਸੱਦ ਲਿਆ ਪਰ ਉਹ ਖੁਦ ਨਾ ਆਈ, ਜਿਸ ’ਤੇ ਬਲਵੀਰ ਪਿੰਡ ਵਾਪਸ ਮੁੜ ਗਿਆ।
ਇਸ ’ਤੇ ਨਿਰਮਲ ਅਤੇ ਇਕਬਾਲ ਬਲਵੀਰ ਦੇ ਪਿੰਡ ਚਲੇ ਗਏ। ਉਨ੍ਹਾਂ ਨੇ ਕਹਾਣੀ ਘੜਦਿਆਂ ਦੱਸਿਆ ਕਿ ਉਸਦੇ ਕਾਰਨ ਮਨਜੀਤ ਕੌਰ ਨੇ ਜ਼ਹਿਰ ਪੀ ਲਿਆ ਹੈ, ਹੁਣ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਹੋਵੇਗਾ। ਉਸਨੂੰ ਡਰਾ ਕੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਲਈ ਡੇਢ ਲੱਖ ਰੁਪਏ ਮੰਗੇ।
ਡਰਦਿਆਂ ਬਲਵੀਰ ਨੇ 1 ਲੱਖ 20 ਹਜ਼ਾਰ ਰੁਪਏ ਦੇਣੇ ਮੰਨ ਲਏ ਅਤੇ 50 ਹਜ਼ਾਰ ਰੁਪਏ ਮੌਕੇ ’ਤੇ ਦੇ ਦਿੱਤੇ। ਬੀਤੀ ਕੱਲ੍ਹ ਜਦੋਂ ਉਹ 70 ਹਜ਼ਾਰ ਰੁਪਏ ਲੈਣ ਆਏ ਤਾਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਤੋਂ 15 ਹਜ਼ਾਰ ਰੁਪਏ ਬਲੈਕਮੇਲ ਰਾਹੀਂ ਹਥਿਆਈ ਰਕਮ ਵੀ ਬਰਾਮਦ ਕਰ ਲਈ ਗਈ ਹੈ। ਇਨ੍ਹਾਂ ਖ਼ਿਲਾਫ਼ ਇਸੇ ਤਰ੍ਹਾਂ ਬਲੈਕਮੇਲ ਕਰਨ ਦੇ ਰਾਏਕੋਟ, ਕੋਟ ਈਸੇ ਖਾਂ, ਮੋਗਾ ਸਮੇਤ ਕਈ ਸ਼ਹਿਰਾਂ ਵਿਚ ਮੁਕੱਦਮੇ ਦਰਜ ਹਨ।