ਨਵਾਂਸ਼ਹਿਰ . ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਜ਼ਿਲ੍ਹੇ ਦੇ ਤਿੰਨ ਸੀਲ ਕੀਤੇ ਪਿੰਡਾਂ/ਵਾਰਡਾਂ, ਜਿਨ੍ਹਾਂ ’ਚ ਕੋਵਿਡ ਮਰੀਜ਼ ਸਾਹਮਣੇ ਆਉਣ ਬਾਅਦ ਕਰਵਾਈ ਗਈ ਸੈਂਪਲਿੰਗ ’ਚ ਸਾਰੇ ਮਾਮਲੇ ਨੈਗੇਟਿਵ ਪਾਏ ਗਏ ਸਨ ਅਤੇ ਸਬੰਧਤ ਮਰੀਜ਼ਾਂ ਵੀ ਸਿਹਤਯਾਬ ਹੋ ਕੇ ਘਰ ਆ ਗਏ ਸਨ, ਨੂੰ ਸਿਹਤ ਵਿਭਾਗ ਵੱਲੋਂ ਕੀਤੀ ਸਿਫ਼ਾਰਸ਼ ਬਾਅਦ ਕੰਨਟੇਨਮੈਂਟ ਜ਼ੋਨ ਤੋਂ ਬਾਹਰ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਇਨ੍ਹਾਂ ਥਾਂਵਾਂ ’ਚ ਨਵਾਂਸ਼ਹਿਰ ਦਾ ਜਾਡਲਾ ਤੇ ਗਰਚਾ ਅਤੇ ਬੰਗਾ ਦਾ ਸ਼ਕਤੀ ਨਗਰ ਸ਼ਾਮਿਲ ਹਨ ਜੋ ਕਿ ਇੱਕ-ਇੱਕ ਕੋਵਿਡ ਮਰੀਜ਼ ਪਾਇਆ ਗਿਆ ਸੀ। ਉਸ ਤੋਂ ਬਾਅਦ ਕਰਵਾਈ ਸੈਂਪਲਿੰਗ ਦੌਰਾਨ ਹੋਰ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਅਤੇ ਸਾਰੇ ਮਾਮਲੇ ਨੈਗੇਟਿਵ ਪਾਏ ਗਏ। ਇਸ ਤਰ੍ਹਾਂ ਇਹ ਇਲਾਕੇ ‘ਕੰਨਟੇਨਮੈਂਟ ਪਲਾਨ ਰਣਨੀਤੀ’ ਤਹਿਤ ਕਲੱਸਟਰ ਨਹੀਂ ਬਣੇ ਅਤੇ ਇਨ੍ਹਾਂ ਨੂੰ ਕੋਵਿਡ-19 ਦੀਆਂ ਸੇਧਾਂ ਦੀ ਰੌਸ਼ਨੀ ’ਚ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸਨਮੁੱਖ ਪਾਬੰਦੀਆਂ ਦੇ ਘੇਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਇਨ੍ਹਾਂ ਪਿੰਡਾਂ ਨਾਲ ਸਬੰਧਤ ਪੀੜਤ ਵਿਅਕਤੀ ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡਾਂ ਤੋਂ ਛੁੱਟੀ ਦਿੱਤੀ ਗਈ ਹੈ, ਨੂੰ ਆਪਣਾ ਘਰ ’ਚ ਅਲਹਿਦਗੀ/ਇਕਾਂਤਵਾਸ ਸਮਾਂ ਵੀ ਪੂਰੀ ਪ੍ਰਤੀਬੱਧਤਾ ਨਾਲ ਪੂਰਾ ਕਰਨ ਦੀ ਹਦਾਇਤ ਕੀਤੀ ਹੈ ਤਾਂ ਜੋ ਉਹ ਪੂਰੀ ਤਰ੍ਹਾਂ ਸਿਹਤਯਾਬ ਹੋਣ।