ਵਾਰਡਬੰਦੀ ਦਾ ਕੰਮ ਲਟਕਿਆ, ਨਕਸ਼ਾ ਨਾ ਬਣਨ ਕਾਰਨ ਸਮੇਂ ਸਿਰ ਨਹੀਂ ਹੋਣਗੀਆਂ ਨਗਰ ਨਿਗਮ ਚੋਣਾਂ

0
482


ਜਲੰਧਰ |
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਰਵਾਈ ਜਾ ਰਹੀ ਵਾਰਡਬੰਦੀ ਦਾ ਕੰਮ ਲਟਕ ਗਿਆ ਹੈ। ਸਰਵੇ ਪੂਰਾ ਹੋਣ ਦੇ ਇਕ ਮਹੀਨੇ ਬਾਅਦ ਵੀ ਡਾਟਾ ਕੰਪਾਇਲ ਕਰਨ ਦਾ ਕੰਮ ਪਹਿਲੇ ਚਰਨ ‘ਚ ਹੀ ਹੈ। ਹੁਣ ਤੱਕ ਸਿਰਫ 20 ਫੀਸਦੀ ਕੰਮ ਹੀ ਹੋਇਆ ਹੈ, ਜਿਸ ਕਾਰਨ ਨਗਰ ਨਿਗਮ ਚੋਣਾਂ ਸਮੇਂ ਸਿਰ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ।
ਨਗਰ ਨਿਗਮ ਦੇ ਪ੍ਰਾਜੈਕਟ ਇੰਚਾਰਜ ਡਾ. ਨਿਰਮਲਜੀਤ ਕੌਰ ਨੇ ਦੱਸਿਆ ਕਿ ਹੁਣ ਤੱਕ 17 ਵਾਰਡਾਂ ਦਾ ਹੀ ਡਾਟਾ ਕੰਪਾਇਲ ਹੋ ਪਾਇਆ ਹੈ। ਇਸ ਤੋਂ ਇਲਾਵਾ 11 ਪਿੰਡਾਂ ਚੋਂ ਸਿਰਫ 4 ਪਿੰਡਾਂ ਦਾ ਡਾਟਾ ਹੀ ਅਪਡੇਟ ਹੋ ਪਾਇਆ ਹੈ। ਬਾਕੀ ਕੰਮ ਲੰਬਿਤ ਪਿਆ ਹੈ, ਜਿਸ ਨੂੰ ਪੂਰਾ ਕਰਨ ਚ ਇਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਡਾਟਾ ਕੰਪਾਇਲ ਹੋਣ ਤੋਂ ਬਾਅਦ ਹੀ ਵਾਰਡਬੰਦੀ ਸ਼ੁਰੂ ਕੀਤੀ ਜਾਵੇਗੀ । ਡਾਟਾ ਦੇ ਆਧਾਰ ‘ਤੇ ਹੀ ਵਾਰਡਾਂ ਦੇ ਇਲਾਕੇ ਤੈਆ ਹੋਣਗੇ ਅਤੇ ਇਨ੍ਹਾਂ ਦੇ ਮੁਤਾਬਿਕ ਹੀ ਵਾਰਡਾਂ ਦਾ ਰਿਜ਼ਰਵੇਸ਼ਨ ਹੋਣਾ ਹੈ। ਜਦੋਂ ਤਕ ਡਾਟਾ ਤਿਆਰ ਨਹੀਂ ਹੁੰਦਾ, ਉਦੋਂ ਤੱਕ ਸ਼ਹਿਰ ਦੀ ਵਾਰਡਬੰਦੀ ਦਾ ਨਵਾਂ ਨਕਸ਼ਾ ਬਣਨਾ ਹੀ ਸੰਭਵ ਨਹੀਂ ਹੈ।

ਸ਼ਹਿਰ ਦੀ ਕੁਲ ਆਬਾਦੀ ਅਤੇ ਇਲਾਕਾ ਪੱਧਰ ‘ਤੇ ਜਰਨਲ ਆਬਾਦੀ, ਸ਼ਡਿਊਲ ਕਾਸਟ, ਬੈਕਵਰਡ ਕਲਾਸ ਦੀ ਆਬਾਦੀ ਜਦ ਤਕ ਪਤਾ ਨਹੀਂ ਲਗੇਗੀ, ਉਦੋਂ ਤਕ ਵਾਰਡ ਬੰਦੀ ਦਾ ਬੇਸ ਤਿਆਰ ਨਹੀਂ ਹੋ ਪਾਏਗਾ। ਡਾਟਾ ਕੰਪਾਇਲ ਹੋਣ ਤੋਂ ਬਾਅਦ ਹੀ ਆਬਾਦੀ ਦੇ ਹਿਸਾਬ ਨਾਲ ਬਾਲਕ ਤਿਆਰ ਕੀਤੇ ਜਾਣਗੇ ਅਤੇ ਉਸ ਦੇ ਆਧਾਰ ‘ਤੇ ਪਤੇ ਲਗੇਗਾ ਕਿ ਕਿਸ ਇਲਾਕੇ ‘ਚ ਕਿੰਨੀ ਸ਼ਡਿਊਲ ਕਾਸਟ ਵੋਟ ਹੈ । ਵਾਰਡਾਂ ਨੂੰ ਰਿਜ਼ਰਵੇਸ਼ਨ ਕਰਨ ਦਾ ਆਧਾਰ ਬਲਾਕ ਪੱਧਰ ‘ਤੇ ਤਿਆਰ ਡਾਟਾ ਬੇਸ ਨਾਲ ਹੀ ਹੋਵੇਗਾ। ਡਾਟਾ ਬੇਸ ਤਿਆਰ ਕਰਨ ਦਾ ਕੰਮ ਆਊਟਸੋਰਸ ‘ਤੇ ਰਖੇ ਕਰਮਚਾਰੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਨਿਗਮ ਵਲੋਂ 3 ਮਹੀਨਿਆਂ ਤੋਂ ਵੇਤਨ ਜਾਰੀ ਨਹੀਂ ਕੀਤਾ ਗਿਆ। ਇਸ ਨਾਲ ਵੀ ਕੰਮ ਪ੍ਰਭਾਵਿਤ ਹੈ। ਵਾਰਡਬੰਦੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਲੋਕਾਂ ਕੋਲੋਂ ਇਤਰਾਜ਼ ਵੀ ਮੰਗੇ ਜਾਣਗੇ। ਇਸ ‘ਚ ਕਰੀਬ ਇਕ ਮਹੀਨਾ ਲੱਗੇਗਾ।