ਕਪੂਰਥਲਾ| ਐੱਸਐੱਸਪੀ ਕਪੂਰਥਲਾ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਭੇਜ ਕੇ ਤਲਬ ਕੀਤਾ ਹੈ। ਉਨ੍ਹਾਂ ਨੂੰ 3 ਅਕਤੂਬਰ ਨੂੰ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਦਾ ਆਖਰੀ ਮੌਕਾ ਦਿੱਤਾ ਗਿਆ ਹੈ। ਨੋਟਿਸ ‘ਚ ਲਿਖਿਆ ਗਿਆ ਹੈ ਕਿ ਜੇਕਰ ਉਹ ਅਗਲੀ ਤਰੀਕ ‘ਤੇ ਰਿਪੋਰਟ ਪੇਸ਼ ਕਰਨ ‘ਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਖੁਦ ਪੇਸ਼ ਹੋ ਕੇ ਦੱਸਣਾ ਹੋਵੇਗਾ ਕਿ ਉਸ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੀ ਧਾਰਾ 16 ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਕਮਿਸ਼ਨ ਨੇ 9 ਅਗਸਤ 2022 ਦੇ ਹੁਕਮਾਂ ਦੀ ਕਾਪੀ ਡੀਜੀਪੀ ਪੰਜਾਬ ਨੂੰ ਭੇਜਦੇ ਹੋਏ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਦੱਸ ਦਈਏ ਕਿ ਹਿਊਮਨ ਰਾਈਟਸ ਪ੍ਰੈੱਸ ਕਲੱਬ ਵੱਲੋਂ ਦਾਇਰ ਸ਼ਿਕਾਇਤ ਨੰਬਰ 6251/8/2022 ‘ਤੇ ਸੁਣਵਾਈ ਦੌਰਾਨ 10 ਮਈ 2023 ਨੂੰ ਐੱਸਐੱਸਪੀ ਕਪੂਰਥਲਾ ਤੋਂ ਰਿਪੋਰਟ ਮੰਗੀ ਗਈ ਸੀ, ਪਰ ਅੱਜ ਤੱਕ ਨਾ ਤਾਂ ਕੋਈ ਪੇਸ਼ ਹੋਇਆ ਅਤੇ ਨਾ ਹੀ ਐੱਸਐੱਸਪੀ ਵੱਲੋਂ ਕੋਈ ਰਿਪੋਰਟ ਪੇਸ਼ ਕੀਤੀ ਗਈ।
ਜ਼ਿਕਰਯੋਗ ਹੈ ਕਿ ਸਾਲ 2022 ਵਿੱਚ ਕਪੂਰਥਲਾ ਵਿੱਚ ਹੋਏ ਕਤਲ ਕਾਂਡ ਦਾ ਚਸ਼ਮਦੀਦ ਗਵਾਹ ਤਤਕਾਲੀ ਐਸਐਸਪੀ ਦੇ ਕਹਿਣ ’ਤੇ ਗਵਾਹੀ ਦੇਣ ਲਈ ਥਾਣਾ ਸਿਟੀ ਵਿੱਚ ਗਿਆ ਤਾਂ ਤਤਕਾਲੀ ਪੁਲਿਸ ਥਾਣਾ ਇੰਚਾਰਜ ਸੁਰਜੀਤ ਸਿੰਘ ਨੇ ਗਵਾਹ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਸੀ
ਥਾਣਾ ਸਿਟੀ ਵਿੱਚ ਦਰਜ ਐਫਆਈਆਰ ਨੰਬਰ 103/2022 ਅਨੁਸਾਰ ਰਾਜ ਕੁਮਾਰ ਕਪੂਰਥਲਾ ਰੇਲਵੇ ਕੁਆਟਰ ਵਿੱਚ ਸੁਖਬੀਰ ਨਾਮ ਦੇ ਵਿਅਕਤੀ ਦੇ ਕਤਲ ਦਾ ਚਸ਼ਮਦੀਦ ਗਵਾਹ ਹੈ। ਦੱਸਣਯੋਗ ਇਹ ਵੀ ਹੈ ਕਿ ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਰੂਪ ਲਾਲ ਵਾਸੀ ਸ਼ਾਹਕੋਟ ਨੇ ਇਸ ਮਾਮਲੇ ਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਕੀਤੀ, ਜਿਸ ਕਾਰਨ ਇਸ ਮਾਮਲੇ ਦੀ ਸੁਣਵਾਈ ਅਗਸਤ 2022 ਤੋਂ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਚੱਲ ਰਹੀ ਹੈ।