ਮਰਡਰ ਕੇਸ ‘ਚ ਭਗੌੜੇ ਪਤੀ ਨੂੰ ਸਰੰਡਰ ਕਰਨ ਲਈ ਕਹਿੰਦੀ ਸੀ ਪਤਨੀ, ਖਿਝੇ ਬੰਦੇ ਨੇ 3 ਧੀਆਂ ਸਣੇ ਘਰਵਾਲੀ ਦਾ ਵੀ ਗਲ਼ਾ ਵੱਢਿਆ

0
91

ਬਿਹਾਰ| ਖਗੜੀਆ ਦੇ ਏਕਨੀਆਂ ਪਿੰਡ ’ਚ ਮੰਗਲਵਾਰ ਦੇਰ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ। ਹੱਤਿਆ ਮਾਮਲੇ ’ਚ ਫ਼ਰਾਰ ਚੱਲ ਰਹੇ ਮੁੰਨਾ ਯਾਦਵ (40) ਨੇ ਆਪਣੀਆਂ ਤਿੰਨ ਧੀਆਂ (17 ਸਾਲਾ ਸੁਮਨ, 15 ਸਾਲਾ ਆਂਚਲ ਤੇ 14 ਸਾਲਾ ਰੋਸ਼ਨੀ) ਤੇ 35 ਸਾਲਾ ਪਤਨੀ ਪੂਜਾ ਦੇਵੀ ਦੀ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਿਤਾ ਦੀ ਹੈਵਾਨੀਅਤ ਦੇਖ ਕੇ 10 ਸਾਲਾ ਆਦਿੱਤਿਆ ਕੁਮਾਰ ਵੱਡੇ ਭਰਾ ਬਾਬੂ ਸਾਹਿਬ ਨਾਲ ਛੱਤ ਤੋਂ ਛਾਲ ਮਾਰ ਕੇ ਭੱਜ ਗਿਆ।

ਮੁੰਨਾ ਯਾਦਵ ਪਿਛਲੇ ਸਾਲ ਨਵੰਬਰ ’ਚ ਹੱਤਿਆ ਦੇ ਇਕ ਮਾਮਲੇ ’ਚ ਫ਼ਰਾਰ ਚੱਲ ਰਿਹਾ ਸੀ। ਉਸ ਦਾ ਭਰਾ ਵਿਮਲ ਯਾਦਵ ਉਸੇ ਮਾਮਲੇ ’ਚ ਕਈ ਮਹੀਨਿਆਂ ਤੋਂ ਜੇਲ੍ਹ ’ਚ ਹੈ। ਦੱਸਿਆ ਜਾਂਦਾ ਹੈ ਕਿ ਮੁੰਨਾ ਹੁਣ ਵੀ ਘਰ ਆਉਂਦਾ ਸੀ ਤਾਂ ਪੂਜਾ ਜ਼ਿੱਦ ਕਰਦੀ ਸੀ ਕਿ ਅਦਾਲਤ ’ਚ ਹਾਜ਼ਰ ਹੋ ਜਾਓ। ਕਦੋਂ ਤੱਕ ਭੱਜਦੇ ਫਿਰੋਗੇ। ਅੱਗੇ ਧੀਆਂ ਦਾ ਵਿਆਹ ਕਰਨਾ ਹੈ। ਘਰ ਦਾ ਖ਼ਰਚਾ ਚਲਾਉਣਾ ਹੈ। ਪਤਨੀ ਦੀਆਂ ਗੱਲਾਂ ਤੋਂ ਖਿੱਝ ਕੇ ਮੁੰਨਾ ਲਗਾਤਾਰ ਝਗੜਾ ਕਰਦਾ ਸੀ। ਮੰਗਲਵਾਰ ਨੂੰ ਵੀ ਪਤੀ-ਪਤਨੀ ’ਚ ਝਗੜਾ ਹੋਇਆ ਸੀ।

ਆਦਿੱਤਿਆ ਤੇ ਬਾਬੂ ਸਾਹਿਬ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਅਚਾਨਕ ਪਿਤਾ ਮੁੰਨਾ ਯਾਦਵ ਨੇ ਤੇਜ਼ਧਾਰ ਹਥਿਆਰ ਨਾਲ ਛੱਤ ’ਤੇ ਸੁੱਤੀਆਂ ਭੈਣਾਂ ’ਤੇ ਹਮਲਾ ਕਰ ਦਿੱਤਾ। ਦੋਵੇਂ ਭਰਾ ਤੇਜ਼ੀ ਨਾਲ ਛੱਤ ਤੋਂ ਛਾਲ ਮਾਰ ਕੇ ਭੱਜੇ ਤਾਂ ਜਾ ਕੇ ਉਨ੍ਹਾਂ ਦੀ ਜਾਨ ਬਚੀ। ਖਗੜੀਆ ਦੇ ਐੱਸਪੀ ਅਮਿਤੇਸ਼ ਕੁਮਾਰ ਨੇ ਦੱਸਿਆ ਕਿ ਫੋਰੈਂਸਿਕ ਟੀਮ ਦੇ ਨਾਲ ਹੀ ਸਦਰ ਐੱਸਡੀਪੀਓ ਸੁਮਿਤ ਕੁਮਾਰ ਦੀ ਅਗਵਾਈ ’ਚ ਹੋਰ ਪਹਿਲੂਆਂ ’ਤੇ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।