ਜਲੰਧਰ ਦੇ ਵੱਡੇ ਕਾਰੋਬਾਰੀ ਦੀ ਪਤਨੀ ਨੇ ਪਹਿਲਾਂ ਕੱਟੀਆਂ ਨਾੜਾਂ ਫਿਰ ਲਿਆ ਫਾਹਾ, ਲਾਸ਼ ਕੋਲ ਸਲਫਾਸ ਵੀ ਮਿਲੀ; ਮਾਪਿਆਂ ਦਾ ਆਰੋਪ- ਇਹ ਖੁਦਕੁਸ਼ੀ ਨਹੀਂ, ਕਤਲ ਹੈ

0
1181

ਜਲੰਧਰ | ਸ਼ਹਿਰ ਦੇ ਪੌਸ਼ ਇਲਾਕੇ ‘ਚ ਇਕ ਵੱਡੇ ਕਾਰੋਬਾਰੀ ਦੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦਾ ਹਾਈ ਪ੍ਰੋਫਾਈਲ ਮਾਮਲਾ ਸਾਹਮਣੇ ਆਇਆ ਹੈ। ਫਗਵਾੜਾ ਗੇਟ ‘ਚ ਬਿਜਲੀ ਦੇ ਸਾਮਾਨ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਦੀ ਪਤਨੀ ਨੇ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ।

ਕਾਰੋਬਾਰੀ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਸੀ, ਜਿਸ ਕਾਰਨ ਔਰਤ ਪ੍ਰਿਆ ਨੇ ਤੰਗ ਆ ਕੇ ਆਪਣੇ ਘਰ ਫਾਹਾ ਲੈ ਲਿਆ। ਜਦੋਂ ਬੱਚਿਆਂ ਨੇ ਆਪਣੀ ਮਾਂ ਨੂੰ ਫਾਹੇ ‘ਤੇ ਝੂਲਦੇ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾਇਆ। ਰੌਲਾ ਸੁਣ ਕੇ ਗੁਆਂਢੀਆਂ ਨੇ ਆ ਕੇ ਪ੍ਰਿਆ ਨੂੰ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਫਗਵਾੜਾ ਗੇਟ ਮਾਰਕੀਟ ‘ਚ ਬਿਜਲੀ ਦੇ ਸਾਮਾਨ ਦੇ ਕਾਰੋਬਾਰੀ ਲਵਲੀਨ ਛਾਬੜਾ ਦਾ ਕਰੀਬ 17 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੇ 2 ਬੱਚੇ ਹਨ, ਇਕ ਬੇਟਾ ਤੇ ਇਕ ਬੇਟੀ।

ਪ੍ਰਿਆ ਦੇ ਮਾਤਾ-ਪਿਤਾ ਦਾ ਆਰੋਪ ਹੈ ਕਿ ਲਵਲੀਨ ਉਨ੍ਹਾਂ ਦੀ ਬੇਟੀ ਨੂੰ ਅਕਸਰ ਕੁੱਟਦਾ ਰਹਿੰਦਾ ਸੀ। ਉਸ ਨੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਲੜਾਈ-ਝਗੜਾ ਸ਼ੁਰੂ ਕਰ ਦਿੱਤਾ ਸੀ।

ਪ੍ਰਿਆ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਬੱਚੇ ਹੋ ਗਏ ਹਨ ਤੇ ਲਵਲੀਨ ਸੁਧਰ ਜਾਵੇਗਾ ਪਰ ਉਹ ਨਹੀਂ ਸੁਧਰਿਆ ਤੇ ਪ੍ਰਿਆ ਨੂੰ ਤੰਗ ਕਰਦਾ ਰਿਹਾ।

ਉਨ੍ਹਾਂ ਕਿਹਾ ਕਿ ਸਾਡੀ ਬੇਟੀ ਨੇ ਖੁਦਕੁਸ਼ੀ ਨਹੀਂ ਕੀਤੀ, ਬਲਕਿ ਉਸ ਦਾ ਕਤਲ ਕੀਤਾ ਗਿਆ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬਾਂਹ ਦੀਆਂ ਨਾੜਾਂ ਕੱਟੀਆਂ ਹੋਈਆਂ ਸਨ, ਨਾਲ ਹੀ ਜ਼ਹਿਰ ਪਿਆ ਸੀ

ਪ੍ਰਿਆ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ ਪਰ ਨਾਲ ਹੀ ਉਸ ਦੀ ਬਾਂਹ ਦੀਆਂ ਨਾੜਾਂ ਵੀ ਕੱਟੀਆਂ ਹੋਈਆਂ ਸਨ। ਇੰਨਾ ਹੀ ਨਹੀਂ, ਜਿੱਥੇ ਲਾਸ਼ ਲਟਕ ਰਹੀ ਸੀ, ਉੱਥੇ ਹੀ ਕਣਕ ਵਿੱਚ ਪਾਉਣ ਵਾਲੀ ਸਲਫਾਸ ਵੀ ਪਈ ਸੀ।

ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਕਿ ਕੀ ਪ੍ਰਿਆ ਫਾਹਾ ਲਗਾਉਣ ਨਾਲ ਮਰੀ ਜਾਂ ਜ਼ਹਿਰ ਖਾਣ ਜਾਂ ਜ਼ਿਆਦਾ ਖੂਨ ਵਹਿਣ ਕਾਰਨ। ਕੋਠੀ ‘ਚ ਜਿਸ ਤਰ੍ਹਾਂ ਦਾ ਦ੍ਰਿਸ਼ ਦੇਖਣ ਨੂੰ ਮਿਲਿਆ, ਉਸ ਤੋਂ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਪ੍ਰਿਆ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਕਤਲ ਕਰਨ ਤੋਂ ਬਾਅਦ ਉਸ ਨੂੰ ਫਾਹੇ ‘ਤੇ ਲਟਕਾਇਆ ਗਿਆ ਸੀ। ਕੋਈ ਵਿਅਕਤੀ ਆਪਣੀਆਂ ਨਾੜਾਂ ਵੱਢ ਕੇ ਜਾਂ ਜ਼ਹਿਰ ਖਾ ਕੇ ਫਾਹੇ ‘ਤੇ ਕਿਵੇਂ ਲਟਕ ਸਕਦਾ ਹੈ। ਇਹ ਸਵਾਲ ਕਈ ਸ਼ੰਕੇ ਪੈਦਾ ਕਰ ਰਿਹਾ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ