ਚੰਡੀਗੜ੍ਹ, 28 ਸਤੰਬਰ | ਮਨੀਮਾਜਰਾ ਤੋਂ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਥੇ 13 ਸਾਲ ਦੇ ਬੱਚੇ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਮਨੀਮਾਜਰਾ ਦੇ ਇੱਕ ਮਦਰੱਸੇ ਵਿਚ ਉਰਦੂ ਪੜ੍ਹਾ ਰਹੇ ਨੌਜਵਾਨ ਨੇ ਨਾਬਾਲਗ ਬੱਚੇ ਨਾਲ ਬਦਫੈਲੀ ਕੀਤੀ। ਪਰਿਵਾਰ ਨੂੰ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ 13 ਸਾਲਾ ਲੜਕੇ ਨੇ ਮਦਰੱਸੇ ‘ਚ ਪੜ੍ਹਨ ਤੋਂ ਇਨਕਾਰ ਕਰ ਦਿੱਤਾ।
ਲੜਕੇ ਨੇ ਆਪਣੀ ਮਾਂ ਨੂੰ ਦੱਸਿਆ ਕਿ ਮਦਰੱਸੇ ‘ਚ ਪੜ੍ਹਾਉਣ ਵਾਲੇ ਦੋਸ਼ੀ ਅਧਿਆਪਕ ਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਹਨ। ਇਸ ਤੋਂ ਬਾਅਦ ਬੱਚੇ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਮਨੀਮਾਜਰਾ ਦੀ ਪੁਲਿਸ ਨੇ ਦੋਸ਼ੀ ਅਧਿਆਪਕ ਸਾਲਿਕ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਗ੍ਰਿਫਤਾਰ ਮੁਲਜ਼ਮ ਮਦਰੱਸੇ ‘ਚ ਆਉਣ ਵਾਲੇ ਬੱਚਿਆਂ ਨੂੰ ਉਰਦੂ ਸਿਖਾਉਂਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਾਰੰਗਪੁਰ ਥਾਣਾ ਖੇਤਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਧਰਮ ਨਾਲ ਜਾਣੂ ਕਰਵਾਉਣ ਲਈ ਉਰਦੂ ਸਿਖਾਉਣਾ ਚਾਹੁੰਦਾ ਸੀ। ਉਸ ਨੇ ਆਪਣੇ 13 ਸਾਲ ਦੇ ਬੇਟੇ ਨੂੰ ਉਰਦੂ ਸਿੱਖਣ ਲਈ ਮਨੀਮਾਜਰਾ ਮਦਰੱਸੇ ਵਿਚ ਭੇਜਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਉੱਥੇ ਉਰਦੂ ਪੜ੍ਹਾਉਣ ਵਾਲੇ ਨੌਜਵਾਨ ਨੇ ਉਸ ਦੇ ਪੁੱਤਰ ਨਾਲ ਬਦਫੈਲੀ ਕੀਤੀ ਸੀ।
ਉਸ ਦੇ ਪੁੱਤਰ ਨੇ ਘਰ ਪਹੁੰਚ ਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਮਨੀਮਾਜਰਾ ਥਾਣੇ ਵਿਚ ਪੁੱਤਰ ਨਾਲ ਬਦਸਲੂਕੀ ਦੀ ਸ਼ਿਕਾਇਤ ਕੀਤੀ। ਡੀਐਸਪੀ ਜਸਬੀਰ ਸਿੰਘ ਅਤੇ ਮਨੀਮਾਜਰਾ ਥਾਣਾ ਮੁਖੀ ਰਾਮਦਿਆਲ ਸਿੰਘ ਟੀਮ ਨਾਲ ਮਸਜਿਦ ਵਿਚ ਪੁੱਜੇ। ਪੁਲਿਸ ਨੇ ਉਸ ਕਮਰੇ ਦਾ ਮੁਆਇਨਾ ਕੀਤਾ ਜਿੱਥੇ ਦੋਸ਼ੀ ਨੇ ਲੜਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਬੱਚੇ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਬੱਚੇ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਅਨੁਸਾਰ ਸ਼ੱਕ ਹੈ ਕਿ ਮੁਲਜ਼ਮਾਂ ਨੇ ਹੋਰ ਬੱਚਿਆਂ ਨੂੰ ਡਰਾ ਧਮਕਾ ਕੇ ਆਪਣਾ ਸ਼ਿਕਾਰ ਬਣਾਇਆ ਹੋ ਸਕਦਾ ਹੈ। ਇਸ ਲਈ ਪੁਲਿਸ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਵਿਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਮਦਰੱਸੇ ‘ਚ ਆਉਣ ਵਾਲੇ ਬੱਚਿਆਂ ਅਤੇ ਉਥੇ ਮੌਜੂਦ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।