ਨਵੀਂ ਦਿੱਲੀ | ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਦੇਸ਼ ਭਰ ‘ਚ ਕਈ ਪ੍ਰੋਗਰਾਮ ਆਯੋਜਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਵਿਰਾਸਤੀ ਸਥਾਨਾਂ ਨੂੰ ਸਜਾਇਆ ਜਾ ਰਿਹਾ ਹੈ।
ਇਸ ਦੌਰਾਨ ਦਿੱਲੀ ਵਿਧਾਨ ਸਭਾ ‘ਚ ਇਕ ਖੁਫ਼ੀਆ ਸੁਰੰਗ ਮਿਲੀ ਹੈ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਦੱਸਿਆ ਕਿ ਇਹ ਸੁਰੰਗ ਵਿਧਾਨ ਸਭਾ ਨੂੰ ਲਾਲ ਕਿਲ੍ਹੇ ਨੂੰ ਜੋੜਦੀ ਹੈ।
ਹਾਲਾਂਕਿ ਸੁਰੰਗ ਦੇ ਇਤਿਹਾਸ ’ਤੇ ਕੋਈ ਸਪੱਸ਼ਟਤਾ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਇਸਤੇਮਾਲ ਅੰਗਰੇਜ਼ਾਂ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਲਿਜਾਂਦੇ ਸਮੇਂ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਕੀਤਾ ਗਿਆ ਹੋਵੇਗਾ।
ਸਪੀਕਰ ਗੋਇਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੇ ਅੰਦਰ ਬਣੀ ਸੁਰੰਗ ਅਤੇ ਆਮ ਲੋਕਾਂ ਲਈ ਫਾਂਸੀ ਘਰ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਨਵੇਂ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ ਤੇ ਅਗਲੇ 26 ਜਨਵਰੀ ਜਾਂ 15 ਅਗਸਤ ਤੋਂ ਪਹਿਲਾਂ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮੈਂ ਸੈਰ-ਸਪਾਟਾ ਵਿਭਾਗ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਲੋਕਾਂ ਨੂੰ ਵਿਧਾਨ ਸਭਾ ਵਿੱਚ ਲਿਆਉਣ ਦੀ ਆਗਿਆ ਦੇਣ ਲਈ ਵਿਧਾਨ ਸਭਾ ਦਾ ਢਾਂਚਾ ਤਿਆਰ ਕਰ ਰਿਹਾ ਹਾਂ। ਗੋਇਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਨੂੰ 1912 ‘ਚ ਕੋਲਕਾਤਾ ਤੋਂ ਰਾਜਧਾਨੀ ਦਿੱਲੀ ਤਬਦੀਲ ਕੀਤੇ ਜਾਣ ਤੋਂ ਬਾਅਦ ਕੇਂਦਰੀ ਵਿਧਾਨ ਸਭਾ ਵਜੋਂ ਵਰਤਿਆ ਗਿਆ ਸੀ।
ਇਸ ਤੋਂ ਬਾਅਦ ਇਸ ਨੂੰ 1926 ਵਿਚ ਅਦਾਲਤ ‘ਚ ਬਦਲ ਦਿੱਤਾ ਗਿਆ ਅਤੇ ਅੰਗਰੇਜ਼ਾਂ ਨੇ ਇਸ ਸੁਰੰਗ ਦੀ ਵਰਤੋਂ ਸੁਤੰਤਰਤਾ ਸੰਗਰਾਮੀਆਂ ਨੂੰ ਅਦਾਲਤ ‘ਚ ਲਿਆਉਣ ਲਈ ਕੀਤੀ। ਸਾਨੂੰ ਸਾਰਿਆਂ ਨੂੰ ਇਥੇ ਫਾਂਸੀ ਦਿੱਤੇ ਜਾਣ ਵਾਲੇ ਕਮਰਿਆਂ ਬਾਰੇ ਪਤਾ ਹੈ ਪਰ ਉਨ੍ਹਾਂ ਨੂੰ ਕਦੇ ਨਹੀਂ ਖੋਲ੍ਹਿਆ ਗਿਆ।
ਹੁਣ ਆਜ਼ਾਦੀ ਦੇ 75ਵੇਂ ਸਾਲ ‘ਤੇ ਮੈਂ ਉਸ ਕਮਰੇ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ। ਅਸੀਂ ਉਸ ਕਮਰੇ ਨੂੰ ਸ਼ਰਧਾਂਜਲੀ ਵਜੋਂ ਆਜ਼ਾਦੀ ਘੁਲਾਟੀਆਂ ਦੇ ਮੰਦਰ ‘ਚ ਬਦਲਣਾ ਚਾਹੁੰਦੇ ਹਾਂ।