3 ਹਜ਼ਾਰ ਰੁਪਏ ਲੁੱਟ ਕੇ ਭੱਜੇ ਲੁਟੇਰੇ ਨੂੰ ਲੋਕਾਂ ਨੇ ਫੜ ਕੇ ਦਰੱਖ਼ਤ ਨਾਲ ਬੰਨ੍ਹਿਆ

0
1204

ਮਾਹਿਲਪੁਰ (ਅਮਰੀਕ ਕੁਮਾਰ) | ਬਾਅਦ ਦੁਪਹਿਰ ਮਾਹਿਲਪੁਰ-ਊਨਾ ਰੋਡ ‘ਤੇ ਪਿੰਡ ਭੁੱਲੇਵਾਲ ਗੁੱਜਰਾਂ ਨਜ਼ਦੀਕ ਸਾਈਕਲ ‘ਤੇ ਜਾ ਰਹੇ ਇੱਕ ਬਜ਼ੁਰਗ ਨੂੰ ਮੋਟਰਸਾਈਕਲ ‘ਤੇ ਜਾ ਰਹੇ 2 ਲੁਟੇਰਿਆਂ ਨੇ ਦਾਤਰ ਦੀ ਨੋਕ ‘ਤੇ ਲੁੱਟ ਲਿਆ।

ਲੁਟੇਰੇ ਅਜੇ ਭੱਜਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਪਿੱਛੋਂ ਮੋਟਰਸਾਈਕਲ ‘ਤੇ ਆ ਰਹੇ ਨੌਜਵਾਨਾਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਲੁੱਟੀ ਹੋਈ 3 ਹਜ਼ਾਰ ਦੀ ਨਗਦੀ ਸਮੇਤ ਭੱਜਣ ਵਿਚ ਸਫ਼ਲ ਹੋ ਗਿਆ। ਲੋਕਾਂ ਨੇ ਕਾਬੂ ਕੀਤੇ ਲੁਟੇਰੇ ਨੂੰ ਦਰੱਖ਼ਤ ਨਾਲ ਬੰਨ੍ਹ ਲਿਆ ਅਤੇ ਚੰਗੀ ਭੁਗਤ ਸੁਆਰੀ।

ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਆ ਕੇ ਲੁਟੇਰੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਮਾਮਲਾ ਉਸ ਸਮੇਂ ਹੋਰ ਵੀ ਗੰਭੀਰ ਹੋ ਗਿਆ ਜਦੋਂ ਇੱਕ ਸ਼ੱਕੀ ਨੌਜਵਾਨ ਨੇ ਮੌਕੇ ‘ਤੇ ਆ ਕੇ ਪੁਲਿਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਨੇ ਉਸ ਦੀ ਵੀ ਭੁਗਤ ਸੁਆਰ ਦਿੱਤੀ।

ਕਾਲੂ ਮੁਹੰਮਦ ਪੁੱਤਰ ਨੂਰ ਹੁਸੈਨ ਵਾਸੀ ਮਹਿਮਦੋਵਾਲ ਖ਼ੁਰਦ ਨੇ ਦੱਸਿਆ ਕਿ ਉਹ ਆਪਣੇ ਸਾਈਕਲ ‘ਤੇ ਮਾਹਿਲਪੁਰ ਵੱਲੋਂ ਪਿੰਡ ਨੂੰ ਜਾ ਰਿਹਾ ਸੀ ਤਾਂ ਪਿੰਡ ਭੁੱਲੇਵਾਲ ਗੁੱਜਰਾਂ ਮੋੜ ‘ਤੇ ਪਿੱਛੋਂ ਇੱਕ ਮੋਟਰਸਾਈਕਲ ‘ਤੇ ਸਵਾਰ ਆਏ 2 ਨੌਜਵਾਨਾਂ ਨੇ ਦਾਤਰ ਦਿਖ਼ਾ ਕੇ ਉਸ ਕੋਲੋਂ 3 ਹਜ਼ਾਰ ਦੀ ਨਗਦੀ ਲੁੱਟ ਲਈ।

ਉਸ ਨੇ ਦੱਸਿਆ ਕਿ ਲੁਟੇਰੇ ਅਜੇ ਭੱਜਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਪਿੱਛੋਂ ਮੋਟਰਸਾਈਕਲਾਂ ‘ਤੇ ਆਏ ਨੌਜਵਾਨਾਂ ‘ਚੋਂ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ। ਦੂਜਾ ਲੁਟੇਰਾ ਨਗਦੀ ਲੈ ਕੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਿਆ।

ਕਾਬੂ ਕੀਤੇ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਪੁੱਤਰ ਪਰਮਜੀਤ ਵਾਸੀ ਮੁੱਗੋਵਾਲ, ਜਦਕਿ ਫ਼ਰਾਰ ਹੋਏ ਆਰੋਪੀ ਦੀ ਪਛਾਣ ਰਿੱਕੀ ਵਾਸੀ ਟੂਟੋਮਜ਼ਾਰਾ ਵਜੋਂ ਹੋਈ ਹੈ।