ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਦੇ ਮਦਦਗਾਰਾਂ ਦੀ ਭਾਲ ਕੀਤੀ ਸ਼ੁਰੂ, ਕੇਂਦਰ ਨੂੰ ਭੇਜੀ ਰਿਪੋਰਟ

0
316

ਚੰਡੀਗੜ੍ਹ | ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਦੇ ਮਦਦਗਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਨੇ ਫਰਾਰ ਹੋਣ ਦੌਰਾਨ ਜਿਨ੍ਹਾਂ ਲੋਕਾਂ ਕੋਲ ਪਨਾਹ ਲਈ ਸੀ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਸੋਮਵਾਰ ਨੂੰ ਮੋਗਾ ਦੇ ਪਿੰਡ ਰੋਡੇ ‘ਚ ਵੀ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਸਬੰਧੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਅੰਮ੍ਰਿਤਪਾਲ ਤੋਂ ਪੁੱਛਗਿੱਛ ਕਰਨ ਲਈ ਡਿਬਰੂਗੜ੍ਹ ਜਾਵੇਗੀ।ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਨਾਲ ਸਬੰਧਤ ਮਾਮਲੇ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ, ਜਿਸ ‘ਚ ਕੱਟੜਪੰਥੀ ਦੇ ਵਿਦੇਸ਼ੀ ਮਦਦਗਾਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਗਿਆ ਹੈ।

ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਪਾਲ 36 ਦਿਨਾਂ ਤੱਕ ਗ੍ਰਿਫਤਾਰੀ ਤੋਂ ਬਚਿਆ ਰਿਹਾ। ਭਾਵ ਉਸ ਨੂੰ ਕਿਤੇ ਮਦਦ ਮਿਲੀ ਹੈ। ਹੁਣ ਪੁਲਿਸ ਦਾ ਧਿਆਨ ਇਨ੍ਹਾਂ ਲੋਕਾਂ ‘ਤੇ ਹੈ। ਕਈਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਕੁਝ ਸ਼ੱਕੀਆਂ ਦੀ ਭਾਲ ਜਾਰੀ ਹੈ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਿਸ਼ ਸਰਹੱਦ ਪਾਰ ਤੋਂ ਰਚੀ ਗਈ ਸੀ। ਜਰਮਨੀ, ਯੂਰਪ ਅਤੇ ਆਸਟ੍ਰੇਲੀਆ ਵਿਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਅੰਮ੍ਰਿਤਪਾਲ ਦੀ ਮਦਦ ਕੀਤੀ। ਅੰਮ੍ਰਿਤਪਾਲ ਦੇ ਫਰਾਰ ਹੋਣ ਤੋਂ ਬਾਅਦ ਵੀ ਵਿਦੇਸ਼ ਬੈਠੇ ਲੋਕ ਉਸ ਦੀ ਮਦਦ ਕਰਦੇ ਰਹੇ।

ਕੇਂਦਰ ਨੂੰ ਭੇਜੀ ਰਿਪੋਰਟ ‘ਚ ਅੰਮ੍ਰਿਤਪਾਲ ਦੇ ਆਨੰਦਪੁਰ ਖਾਲਸਾ ਫੋਰਸ, ਫੰਡਿੰਗ ਖਾਤਿਆਂ ਦੀ ਜਾਣਕਾਰੀ ਅਤੇ ਅੰਮ੍ਰਿਤਪਾਲ ਦੇ ਕਾਫਲੇ ‘ਚ ਸ਼ਾਮਲ ਵਾਹਨਾਂ ਦੇ ਮਾਲਕਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ।