ਮੋਗਾ | ਨਜ਼ਦੀਕੀ ਪਿੰਡ ਦੁੱਨੇਕੇ ‘ਚ ਚਾਰ ਹਥਿਆਰਬੰਦ ਨੌਜਵਾਨਾਂ ਨੇ ਇਕ ਮੈਡੀਕਲ ਦੀ ਦੁਕਾਨ ‘ਚ ਦਾਖਲ ਹੋ ਕੇ ਦੁਕਾਨ ‘ਚ ਬੈਠੇ ਵਿਅਕਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਦੁਕਾਨ ਤੋਂ ਪੈਸੇ ਤੇ ਆਈਫੋਨ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਜ਼ਖਮੀ ਨੂੰ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੇ ਸਿਰ ‘ਤੇ ਕਰੀਬ 19 ਟਾਂਕੇ ਲੱਗੇ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਖਮੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਬੁੱਧਵਾਰ ਸ਼ਾਮ ਨੂੰ ਆਪਣੇ ਦੋਸਤ ਨੂੰ ਮਿਲਣ ਲਈ ਮੈਡੀਕਲ ਦੀ ਦੁਕਾਨ ‘ਤੇ ਆਇਆ ਸੀ। ਉਸ ਦਾ ਦੋਸਤ ਉਸ ਨੂੰ ਦੁਕਾਨ ‘ਤੇ ਛੱਡ ਕੇ ਕਿਸੇ ਜ਼ਰੂਰੀ ਕੰਮ ਲਈ ਘਰ ਗਿਆ ਹੋਇਆ ਸੀ। ਕੁਝ ਦੇਰ ਬਾਅਦ ਚਾਰ ਨਕਾਬਪੋਸ਼ ਵਿਅਕਤੀ ਆਏ ਅਤੇ ਗਾਲ੍ਹਾਂ ਕੱਢਣ ਲੱਗੇ। ਮੁਲਜ਼ਮਾਂ ਨੇ ਉਸ ਦੇ ਸਿਰ ’ਤੇ ਤਲਵਾਰ ਨਾਲ ਵਾਰ ਕੀਤਾ ਅਤੇ ਦੁਕਾਨ ’ਚੋਂ ਨਕਦੀ ਅਤੇ ਆਈਫੋਨ ਲੈ ਕੇ ਫ਼ਰਾਰ ਹੋ ਗਏ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਦੁਕਾਨ ਮਾਲਕ ਸ਼ਮਸ਼ੇਰ ਖਾਨ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਉਸ ਦਾ ਦੋਸਤ ਰਾਜੇਸ਼ ਕੁਮਾਰ ਉਸ ਦੀ ਦੁਕਾਨ ‘ਤੇ ਆਇਆ ਸੀ। ਉਹ ਰਾਜੇਸ਼ ਨੂੰ ਬਿਠਾ ਕੇ ਕਿਸੇ ਕੰਮ ਲਈ ਘਰ ਗਿਆ ਸੀ। ਇਸ ਦੌਰਾਨ ਚਾਰ ਵਿਅਕਤੀਆਂ ਨੇ ਰਾਜੇਸ਼ ਕੁਮਾਰ ‘ਤੇ ਹਮਲਾ ਕਰ ਕੇ ਦੁਕਾਨ ‘ਚੋਂ ਨਕਦੀ ਅਤੇ ਆਈਫੋਨ ਲੁੱਟ ਲਿਆ। ਪੁਲਿਸ ਦਾ ਕਹਿਣਾ ਹੈ ਕਿ ਰਾਜੇਸ਼ ਕੁਮਾਰ ਨੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।