ਫਿਰੋਜ਼ਪੁਰ | ਪਿੰਡ ਬੂਹ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਬਲਰਾਜ ਸਿੰਘ 24 ਸਾਲ ਦਾ ਸੀ, ਉਸ ਦੇ ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਮਾੜੀ ਸੰਗਤ ਦੀ ਗ੍ਰਿਫਤ ‘ਚ ਆ ਕੇ ਨਸ਼ਾ ਕਰਨ ਲੱਗ ਪਿਆ ਸੀ। ਅੱਜ ਨਸ਼ੇ ਦਾ ਟੀਕਾ ਲਗਾਉਣ ਨਾਲ ਉਸਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਮ੍ਰਿਤਕ 2 ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦਾ ਹਾਲੇ ਵਿਆਹ ਨਹੀਂ ਹੋਇਆ। ਪਿਤਾ ਨੇ ਦੱਸਿਆ ਕਿ ਪਿੰਡ ਵਿਚ ਵੱਡੀ ਗਿਣਤੀ ਵਿਚ ਤਸਕਰਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਆਉਣ ਵਾਲੇ ਦਿਨਾਂ ਵਿਚ ਕਈ ਹੋਰ ਨੌਜਵਾਨ ਵੀ ਨਸ਼ੇ ਦੀ ਭੇਟ ਚੜ੍ਹ ਸਕਦੇ ਹਨ। ਇਸ ਬਾਰੇ ਥਾਣਾ ਹਰੀਕੇ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਨੇ ਅਜੇ ਸੂਚਿਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪੁਲਿਸ ਵਚਨਬੱਧ ਹੈ।