ਬਠਿੰਡਾ ਬਸ ਅੱਡਾ ਬਚਾਉਣ ਲਈ ਚੱਲ ਰਿਹਾ ਮੋਰਚਾ 200ਵੇਂ ਦਿਨ ‘ਚ ਦਾਖ਼ਲ — ਨਾਗਰਿਕਾਂ ਨੇ ਦਿਖਾਈ ਏਕਜੁੱਟਤਾ

0
283

ਬਠਿੰਡਾ ਬਸ ਅੱਡਾ ਬਚਾਉਣ ਲਈ ਚੱਲ ਰਿਹਾ ਮੋਰਚਾ 200ਵੇਂ ਦਿਨ ‘ਚ ਦਾਖ਼ਲ — ਨਾਗਰਿਕਾਂ ਨੇ ਦਿਖਾਈ ਏਕਜੁੱਟਤਾ

ਬਠਿੰਡਾ : ਸ਼ਹਿਰ ਦੇ ਨਾਗਰਿਕਾਂ ਵੱਲੋਂ ਬਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਦੇ ਵਿਰੋਧ ‘ਚ ਲਗਾਇਆ ਗਿਆ ਧਰਨਾ ਅੱਜ 200 ਦਿਨ ਪੂਰੇ ਹੋ ਗਏ। ਇਸ ਮੌਕੇ ਬਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਟੀਚਰਜ਼ ਹੋਮ ਵਿੱਚ ਪ੍ਰੈੱਸ ਕਾਨਫਰੈਂਸ ਕੀਤੀ ਗਈ।

ਕਮੇਟੀ ਦੇ ਆਗੂਆਂ ਨੇ ਸਰਕਾਰ ਨੂੰ ਸਾਫ਼ ਸੁਨੇਹਾ ਦਿੰਦਿਆਂ ਕਿਹਾ ਕਿ ਬਸ ਸਟੈਂਡ ਨੂੰ ਤਬਦੀਲ ਕਰਨ ਦੀ ਯੋਜਨਾ ਨੂੰ ਤੁਰੰਤ ਰੱਦ ਕਰਨ ਦੀ ਅਧਿਕਾਰਿਕ ਘੋਸ਼ਣਾ ਕੀਤੀ ਜਾਵੇ, ਤਾਂ ਜੋ ਜਨਤਾ ਦਾ ਭਰੋਸਾ ਕਾਇਮ ਰਹੇ ਅਤੇ ਲੋਕਤੰਤਰਿਕ ਪ੍ਰਬੰਧ ਦੀ ਸਾਖ ਬਰਕਰਾਰ ਰਹੇ।

ਕਮੇਟੀ ਨੇ ਦਲੀਲ ਦਿੱਤੀ ਕਿ ਪਟਿਆਲਾ ਵਿੱਚ ਵੀ ਬਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਕੱਢਣ ਤੋਂ ਬਾਅਦ, ਸ਼ਹਿਰ ਦੇ ਅੰਦਰਲੀ ਬਸ ਸਟੈਂਡ ਦੀ ਜਗ੍ਹਾ ਨੂੰ ਵੇਚਣ ਦੀ ਤਿਆਰੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਯੋਜਨਾ ਹੁਣ ਬਠਿੰਡੇ ਵਿੱਚ ਵੀ ਬਣਾਈ ਜਾ ਰਹੀ ਹੈ, ਜਿਸਦਾ ਲੋਕ ਪੱਧਰ ‘ਤੇ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ।

ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਲਿਜਾਇਆ ਗਿਆ ਤਾਂ 2026 ਦੀਆਂ ਨਗਰ ਨਿਗਮ ਚੋਣਾਂ ‘ਚ ਲੋਕ ਉਹਨਾਂ ਸਭ ਉਮੀਦਵਾਰਾਂ ਦਾ ਡੱਟ ਕੇ ਵਿਰੋਧ ਕਰਨਗੇ ਜੋ ਇਸ ਮਾਮਲੇ ‘ਤੇ ਚੁੱਪ ਰਹਿਣਗੇ ਜਾਂ ਸਰਕਾਰ ਦੇ ਫੈਸਲੇ ਦਾ ਸਮਰਥਨ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਬਸ ਸਟੈਂਡ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ, ਜਿੱਥੇ ਤੋਂ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ, ਸਿਵਲ ਹਸਪਤਾਲ, ਅਦਾਲਤਾਂ, ਰੇਲਵੇ ਸਟੇਸ਼ਨ, ਰਾਜਿੰਦਰਾ ਕਾਲਜ ਅਤੇ ਮੇਨ ਬਜ਼ਾਰ ਸਭ ਨੇੜੇ ਹਨ। ਇਹ ਸਥਾਨ ਰੋਜ਼ਾਨਾ ਹਜ਼ਾਰਾਂ ਯਾਤਰੀਆਂ, ਵਿਦਿਆਰਥੀਆਂ, ਬਜ਼ੁਰਗਾਂ, ਮਰੀਜ਼ਾਂ ਅਤੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਲਈ ਸਭ ਤੋਂ ਸੁਵਿਧਾਜਨਕ ਥਾਂ ਹੈ।

ਬਸ ਸਟੈਂਡ ਬਚਾਓ ਸੰਘਰਸ਼ ਕਮੇਟੀ ਨੇ ਕਿਹਾ ਕਿ ਇਹ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਲੋਕਤੰਤਰਿਕ ਢੰਗ ਨਾਲ ਚੱਲ ਰਿਹਾ ਹੈ ਅਤੇ ਜਦ ਤੱਕ ਸਰਕਾਰ ਵੱਲੋਂ ਯੋਜਨਾ ਰੱਦ ਕਰਨ ਦੀ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਜਾਂਦੀ, ਇਹ ਮੋਰਚਾ ਜਾਰੀ ਰਹੇਗਾ।