ਗੁਰਦਾਸਪੁਰ, 31 ਦਸੰਬਰ| ਫਿਰੋਜ਼ਪੁਰ ਤੋਂ ਚੱਲ ਕੇ ਜੰਮੂ ਵੱਲ ਵਾਪਸ ਜਾ ਰਹੀ ਟਾਟਾ ਮੋਰੀ ਡਾਊਨ ਟਰੇਨ ਜਦੋਂ ਗੁਰਦਾਸਪੁਰ ਦੇ ਤਿਬੜੀ ਰੋਡ ਫਾਟਕ ਨੇੜੇ ਪਹੁੰਚੀ ਤਾਂ ਉਸ ਨਾਲ ਇੱਕ ਬਜ਼ੁਰਗ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਰੂਪ ਲਾਲ (72) ਵਜੋਂ ਹੋਈ ਹੈ, ਜੋ ਦੁਰਘਟਨਾ ਵਾਲੀ ਥਾਂ ਦੇ ਨੇੜੇ ਹੀ ਤਿਬੜੀ ਰੋਡ ਦਾ ਰਹਿਣ ਵਾਲਾ ਸੀ। ਰੇਲਵੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਰੇਲਵੇ ਚੌਕੀ ਦੇ ਸਹਾਇਕ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਟਾਟਾ ਮੋਰੀ ਐਕਸਪ੍ਰੈਸ ਜੋ ਅੰਮ੍ਰਿਤਸਰ ਤੋਂ ਜੰਮੂ ਵੱਲ ਨੂੰ ਵਾਪਸ ਜਾ ਰਹੀ ਸੀ, ਜਦੋਂ ਗੁਰਦਾਸਪੁਰ ਦੇ ਰੇਲਵੇ 69 ਦੇ ਕਰੀਬ ਪਹੁੰਚੀ ਤਾਂ ਉਸ ਨਾਲ ਅਚਾਨਕ ਇੱਕ ਬਜ਼ੁਰਗ ਟਕਰਾ ਗਿਆ, ਜਿਸ ਦੀ ਪਛਾਣ ਰੂਪ ਲਾਲ ਵਜੋਂ ਹੋਈ ਹੈ।
ਟ੍ਰੇਨ ਦੇ ਡਰਾਈਵਰ ਵੱਲੋਂ ਸੂਚਨਾ ਦਿੱਤੇ ਜਾਣ ਉਪਰੰਤ ਉਹ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਲਏ ਗਏ ਹਨ, ਜਿਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਰੂਪ ਲਾਲ ਘਰ ਤੋਂ ਸੈਰ ਕਰਨ ਲਈ ਨਿਕਲੇ ਸੀ ਅਤੇ ਅਚਾਨਕ ਰੇਲਵੇ ਲਾਈਨ ਕਰਾਸ ਕਰਦਿਆਂ ਉਹ ਗੱਡੀ ਨਾਲ ਟਕਰਾ ਗਏ।