ਅੰਮ੍ਰਿਤਸਰ| ਅੰਮ੍ਰਿਤਸਰ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਘਰਵਾਲੀ ਨੇ ਆਪਣੇ ਘਰਵਾਲੇ ਦੇ ਗੁੰਮ ਹੋਣ ‘ਤੇ ਸਾਰੇ ਸ਼ਹਿਰ ਵਿਚ ਪੋਸਟਰ ਲਗਾਏ ਹਨ ਤੇ ਨਾਲ ਹੀ ਕਿਹਾ ਹੈ ਕਿ ਜੋ ਉਸਦੇ ਘਰ ਵਾਲੇ ਦਾ ਪਤਾ ਦੱਸੇਗਾ, ਉਸਨੂੰ ਇਨਾਮ ਵੀ ਦਿੱਤਾ ਜਾਵੇਗਾ।
ਮਾਮਲਾ ਅੰਮ੍ਰਿਤਸਰ ਦੇ ਇਲਾਕਾ ਖਜਾਨੇ ਵਾਲ਼ੇ ਗੇਟ ਦਾ ਹੈ, ਜਿਥੋਂ ਦਾ ਰਹਿਣ ਵਾਲਾ ਇਕ ਟੀਚਰ ਜੋ ਕਿ ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉੰਦਾ ਹੈ ਜੋ ਕਿ 9 ਫ਼ਰਵਰੀ ਨੂੰ ਘਰੋਂ ਆਪਣੇ ਸਕੂਲ ਲਈ ਗਿਆ ਸੀ। ਪੰਕਜ ਸ਼ਰਮਾ ਨਾਂ ਦਾ ਇਹ ਸਕੂਲ ਅਧਿਆਪਕ ਨਾ ਤਾਂ ਸਕੂਲ ਪੁੱਜਾ ਤੇ ਨਾ ਹੀ ਘਰ ਵਾਪਿਸ ਗਿਆ, ਜਿਸ ਦੀ ਭਾਲ ਕਰਨ ਲਈ ਉਸਦੀ ਪਤਨੀ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ।
21 ਦਿਨ ਹੋ ਚੱਲੇ ਹਨ ਪਰ ਅਜੇ ਤੱਕ ਉਸ ਦੀ ਕੋਈ ਜਾਣਕਾਰੀ ਨਹੀਂ ਮਿਲੀ। ਅਧਿਆਪਕ ਦੀ ਪਤਨੀ ਆਪਣੇ ਪਤੀ ਦੀ ਗੁੰਮਸ਼ੁਦਗੀ ਦੇ ਪੋਸਟਰ ਬਾਜ਼ਾਰਾਂ ਦੇ ਵਿਚ ਲਗਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਪੰਕਜ ਸ਼ਰਮਾ ਦੀ ਪੀੜਤ ਪਤਨੀ ਸੁਖਬੀਰ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਫ਼ਰਵਰੀ ਵਾਲੇ ਦਿਨ ਉਨ੍ਹਾਂ ਦੇ ਪਤੀ ਪੰਕਜ ਸ਼ਰਮਾ ਘਰੋਂ ਆਪਣੇ ਕੰਮ ਸਕੂਲ ਲਈ ਗਏ ਪਰ ਸਕੂਲ ਨਹੀਂ ਪੁੱਜੇ ਤੇ ਨਾ ਹੀ ਘਰ ਵਾਪਸ ਆਏ। ਉਨ੍ਹਾਂ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋਈ।
ਇਸ ਬਾਰੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪਰ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਮੈਂ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹਾਂ। ਪੀੜਤ ਪਤਨੀ ਨੇ ਕਿਹਾ ਕਿ ਉਸਦੇ ਪਤੀ ਦੀ ਉਮਰ 40 ਸਾਲ ਦੇ ਕਰੀਬ ਹੈ ਤੇ ਦੋ ਬੱਚੇ ਵੀ ਹਨ। ਉਸ ਦਾ ਫੋਨ ਵੀ ਬੰਦ ਆ ਰਿਹਾ ਹੈ ਅਜੇ ਤੱਕ ਉਸ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ। ਅਸੀਂ ਬਹੁਤੀ ਤੰਗ ਪ੍ਰੇਸ਼ਾਨ ਹੋ ਰਹੇ ਹਾਂ। ਪੀੜਤ ਪਤਨੀ ਨੇ ਕਿਹਾ ਕਿ ਜਿਹੜਾ ਉਨ੍ਹਾਂ ਦੇ ਪਤੀ ਦੀ ਭਾਲ ਕਰੇਗਾ, ਉਸ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ।






































