ਸੁਲਤਾਨਪੁਰ ਲੋਧੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ‘ਚ ਵੀ 12ਵੀਂ ਦੇ ਨਤੀਜਿਆਂ ਵਾਂਗ ਬਾਕੀ ਵਿਸ਼ਿਆਂ ਨਾਲੋਂ ਪੰਜਾਬੀ ਵਿਸ਼ੇ ‘ਚ ਜ਼ਿਆਦਾ ਵਿਦਿਆਰਥੀ ਫੇਲ੍ਹ ਹੋਣ ‘ਤੇ ਜਿੱਥੇ ਪੰਜਾਬੀ ਵਿਸ਼ੇ ਦੀ ਹੋਂਦ ਤੇ ਆਪਣੇ ਹੀ ਸੂਬੇ ‘ਚ ਮਾਤ ਭਾਸ਼ਾ ਨੂੰ ਵਿਸਾਰਿਆ ਜਾ ਰਿਹਾ ਹੈ, ਉੱਥੋ ਵਿਭਾਗ ਤੇ ਸਰਕਾਰ ਦੇ ਦਾਅਵਿਆਂ ਦੀ ਵੀ ਫੂਕ ਨਿਕਲਦੀ ਵਿਖਾਈ ਦੇ ਰਹੀ ਹੈ।
ਦਫ਼ਤਰੀ ਕੰਮਾਂ ਨੂੰ ਪੰਜਾਬੀ ‘ਚ ਕਰਨ ਦਾ ਹੁਕਮ ਤਾਂ ਸਰਕਾਰ ਜਾਰੀ ਕਰ ਦਿੰਦੀ ਹੈ ਪਰ ਅਸਲੀਅਤ ‘ਚ ਕਮਜ਼ੋਰ ਹੋ ਰਹੀ ਇਸ ਦਿਨੋਂ-ਦਿਨ ਨੀਂਹ ਬਾਰੇ ਸਰਕਾਰ ਦਾ ਜ਼ਰਾ ਵੀ ਧਿਆਨ ਨਹੀਂ ਹੈ ਜਾਂ ਫਿਰ ਅਫ਼ਸਰਸ਼ਾਹੀ ਸਰਕਾਰ ਨੂੰ ਹਨੇਰੇ ‘ਚ ਰੱਖ ਰਹੀ ਹੈ।12ਵੀਂ ਵਾਂਗ ਜਦੋਂ 10ਵੀਂ ਜਮਾਤ ਦੇ ਨਤੀਜਿਆਂ ਦੀ ਘੋਖ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਭਾਵੇ ਫੇਲ੍ਹ ਹੋਣ ਵਾਲੇ ਵਿਦਿਆਰਥੀ ਦੀ ਗਿਣਤੀ ਘੱਟ ਹੈ ਪਰ ਫਿਰ ਵੀ ਲਾਜ਼ਮੀ ਪੰਜਾਬੀ ਵਿਸ਼ੇ ‘ਚ ਹੋਰਾਂ ਵਿਸ਼ਿਆਂ ਨਾਲੋਂ ਵਿਦਿਆਰਥੀਆਂ ਦਾ ਜ਼ਿਆਦਾ ਫੇਲ੍ਹ ਹੋਣ ਨਾਲ ਸਵਾਲੀਆ ਨਿਸ਼ਾਨ ਲੱਗਦਾ ਹੈ।
10ਵੀਂ ਜਮਾਤ ‘ਚ ਪੰਜਾਬੀ ਵਿਸ਼ੇ ‘ਚੋਂ 772 ਵਿਦਿਆਰਥੀ ਫੇਲ ਹੋਏ ਹਨ। ਇਸ ਵਿਸ਼ੇ ‘ਚੋਂ 3,11,504 ਵਿਦਿਆਰਥੀਆਂ ਨੇ ਪੰਜਾਬੀ ਦੀ ਪ੍ਰੀਖਿਆ ਦਿੱਤੀ ਹੈ। ਪੰਜਾਬੀ ਭਾਸ਼ਾ ਸਾਂਝੀ ਆਮ ਬੋਲ-ਚਾਲ ਵਾਲੀ ਭਾਸ਼ਾ ਹੈ ਪਰ ਫਿਰ ਪੰਜਾਬੀ ਵਿਸ਼ੇ ‘ਚ ਵਿਦਿਆਰਥੀਆਂ ਦਾ ਹੱਥ ਤੰਗ ਹੀ ਰਿਹਾ ਹੈ। ਗੌਰਤਲਬ ਇਹ ਹੈ ਕਿ 12ਵੀਂ ਦੇ ਬੋਰਡ ਵੱਲੋਂ ਐਲਾਨੇ ਨਤੀਜਿਆਂ ‘ਚ ਵੀ 4,510 ਵਿਦਿਆਰਥੀ ਫੇਲ੍ਹ ਹੋਏ ਸਨ।