ਹਾਈਕੋਰਟ ਨੇ ਲਾਈ ਪੰਜਾਬ ਪੁਲਿਸ ਨੂੰ ਫਟਕਾਰ, ਕਿਹਾ- ਕਿਸਾਨ ਪ੍ਰੀਤਪਾਲ ਦੇ ਬਿਆਨ ਦੇ ਬਾਵਜੂਦ ਕਿਉਂ ਕੀਤੀ ਜ਼ੀਰੋ FIR ਦਰਜ

0
1409

ਚੰਡੀਗੜ੍ਹ | ਪੰਜਾਬ-ਹਰਿਆਣਾ ਹਾਈਕੋਰਟ ਨੇ ਨੌਜਵਾਨ ਕਿਸਾਨ ਪ੍ਰੀਤਪਾਲ ਸਿੰਘ ਨੂੰ ਅਗਵਾ ਕਰਨ ਅਤੇ ਉਸ ਦੇ ਬਿਆਨ ਦੇ ਬਾਵਜੂਦ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ‘ਚ ਜ਼ੀਰੋ ਐਫਆਈਆਰ ਦਰਜ ਕਰਨ ਲਈ ਪੰਜਾਬ ਪੁਲਿਸ ਨੂੰ ਸਖ਼ਤ ਫਟਕਾਰ ਲਾਈ ਹੈ। ਹਾਈਕੋਰਟ ਨੇ ਕਿਹਾ ਕਿ ਪ੍ਰੀਤਪਾਲ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਉਸ ਨੂੰ ਪੰਜਾਬ ਇਲਾਕੇ ‘ਚੋਂ ਚੁੱਕ ਕੇ ਹਰਿਆਣਾ ਪੁਲਿਸ ਲੈ ਗਈ ਸੀ, ਫਿਰ ਕੀ ਕਾਰਨ ਸੀ ਕਿ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ । ਹਾਈਕੋਰਟ ਨੇ ਹੁਣ ਪ੍ਰੀਤਪਾਲ ਦੀ ਮੈਡੀਕਲ ਰਿਪੋਰਟ ਪੁਲਿਸ ਨੂੰ ਉਪਲੱਬਧ ਕਰਵਾਉਣ ਦੇ ਹੁਕਮ ਦਿੱਤੇ ਹਨ ਅਤੇ ਪੁਲਿਸ ਨੂੰ ਸਟੇਟਸ ਰਿਪੋਰਟ ਦਰਜ ਕਰਨ ਦੇ ਹੁਕਮ ਦਿੱਤੇ ਹਨ।

ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ‘ਚ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ। ਇਸ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਮੈਜਿਸਟ੍ਰੇਟ ਨੂੰ ਦਿੱਤੇ ਬਿਆਨ ‘ਚ ਪ੍ਰੀਤਪਾਲ ਨੇ ਸਪੱਸ਼ਟ ਕਿਹਾ ਸੀ ਕਿ ਉਹ ਪੰਜਾਬ ‘ਚ ਮੌਜੂਦ ਸੀ ਅਤੇ ਸ਼ਾਂਤਮਈ ਪ੍ਰਦਰਸ਼ਨ ਦਾ ਹਿੱਸਾ ਸੀ ਤਾਂ ਫਿਰ ਜ਼ੀਰੋ ਐੱਫ.ਆਈ.ਆਰ. ਦਰਜ ਕਿਉਂ ਕੀਤੀ ਗਈ।

ਹਾਈਕੋਰਟ ਨੇ ਐਫਆਈਆਰ ‘ਚ ਪਾਇਆ ਕਿ ਇਸ ‘ਚ ਨਾ ਤਾਂ ਮੈਡੀਕਲ ਰਿਕਾਰਡ ਮੌਜੂਦ ਸੀ ਅਤੇ ਨਾ ਹੀ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਜੋੜੀਆਂ ਗਈਆਂ ਸਨ। ਇਸ ’ਤੇ ਪੰਜਾਬ ਦੇ ਏਜੀ ਨੇ ਕਿਹਾ ਕਿ ਇਸ ਕੇਸ ਦਾ ਰਿਕਾਰਡ ਸਾਡੇ ਕੋਲ ਸੀਲ ਹੈ ਅਤੇ ਪੁਲਿਸ ਕੋਲ ਨਾ ਹੋਣ ਕਾਰਨ ਐਫਆਈਆਰ ‘ਚ ਕਤਲ ਦੀ ਕੋਸ਼ਿਸ਼ ਦੀ ਧਾਰਾ ਨਹੀਂ ਜੋੜੀ ਗਈ।

ਇਸ ਤੋਂ ਪਹਿਲਾਂ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਸੀ ਕਿ ਪ੍ਰੀਤਪਾਲ ਦੇ ਪਿਤਾ ਵੱਲੋਂ ਡੀਜੀਪੀ ਨੂੰ ਅਗਵਾ ਅਤੇ ਬੇਰਹਿਮੀ ਨਾਲ ਕੁੱਟਮਾਰ ਸਬੰਧੀ ਦਿੱਤੀ ਗਈ ਸ਼ਿਕਾਇਤ ‘ਤੇ ਕੀ ਕਾਰਵਾਈ ਕੀਤੀ ਗਈ ਹੈ।

ਪ੍ਰੀਤਪਾਲ ਨੇ ਇਹ ਬਿਆਨ ਦਿੱਤਾ
ਪ੍ਰੀਤਪਾਲ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਨਾਲ ਸ਼ਾਂਤਮਈ ਢੰਗ ਨਾਲ ਧਰਨੇ ਦਾ ਹਿੱਸਾ ਬਣੇ ਸਨ। ਇਸ ਦੌਰਾਨ ਹਰਿਆਣਾ ਪੁਲੀਸ ਨੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਬਾਅਦ ਵਿਚ ਉਸ ਨੂੰ ਹਰਿਆਣਾ ਇਲਾਕੇ ਵਿਚ ਖਿੱਚ ਕੇ ਬੇਹੋਸ਼ ਹੋਣ ਤੱਕ ਕੁੱਟਿਆ ਗਿਆ। ਬਾਅਦ ਵਿਚ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਹ ਉਸ ਨੂੰ ਤੁਰੰਤ ਪੀਜੀਆਈ ਰੋਹਤਕ ਲੈ ਗਏ।

ਇਹ ਮਾਮਲਾ ਸੀ
ਪਟੀਸ਼ਨ ਦਾਇਰ ਕਰਦੇ ਹੋਏ ਸੰਗਰੂਰ ਵਾਸੀ ਦਵਿੰਦਰ ਸਿੰਘ ਨੇ ਕਿਹਾ ਸੀ ਕਿ ਕਿਸਾਨਾਂ ਦੇ ਸ਼ਾਂਤਮਈ ਧਰਨੇ ਕਾਰਨ ਹਰਿਆਣਾ ਪੁਲਿਸ ਉਸ ਦੇ ਲੜਕੇ ਨੂੰ ਅਗਵਾ ਕਰ ਕੇ ਲੈ ਗਈ ਹੈ। ਉਸ ਨੂੰ ਅਣਮਨੁੱਖੀ ਢੰਗ ਨਾਲ ਕੁੱਟਿਆ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਉਸ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ‘ਚ ਲਿਆ ਹੋਇਆ ਹੈ ਅਤੇ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੀ ਹੈ। ਹਾਈਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਉਸ ਨੂੰ ਹਰਿਆਣਾ ਪੁਲਿਸ ਤੋਂ ਰਿਹਾਅ ਕਰ ਕੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਜਾਵੇ |