ਮੋਗਾ ‘ਚ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ ! ਮਾਪਿਆਂ ਦੇ ਇਕਲੌਤੇ ਪੁੱਤ ਦੀ ਓਵਰਡੋਜ਼ ਕਾਰਨ ਮੌਤ

0
4969

 ਮੋਗਾ | ਜ਼ਿਲੇ ‘ਚ ਨਸ਼ੇ ਦੀ ਓਵਰਡੋਜ਼ ਕਾਰਨ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਕਰੀਬ 2 ਸਾਲ ਪਹਿਲਾਂ ਨਸ਼ੇ ਦਾ ਆਦੀ ਹੋ ਗਿਆ ਸੀ। ਮ੍ਰਿਤਕ ਦੀ ਪਛਾਣ ਮੋਗਾ ਦੇ ਪਿੰਡ ਲੋਹਾਰਾ ਦੇ ਹਰਮਨ ਸਿੰਘ ਵਜੋਂ ਹੋਈ ਹੈ। ਪਰਿਵਾਰ ਨੇ ਸ਼ਰਮ ਕਾਰਨ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ, ਜਿਸ ਤੋਂ ਬਾਅਦ ਥਾਣਾ ਧਰਮਕੋਟ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਭਾਵੇਂ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਡਰੱਗ ਮਾਫੀਆ-ਪੁਲਿਸ ਗਠਜੋੜ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਅਤੇ ਘੱਟੋ-ਘੱਟ 10,000 ਪੁਲਿਸ ਮੁਲਾਜ਼ਮਾਂ ਦੀ ਬਦਲੀ ਕੀਤੀ ਹੈ ਪਰ ਮੌਤਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ ਦੋ ਹਫ਼ਤਿਆਂ ‘ਚ ਇਕੱਲੇ ਮੋਗਾ ਜ਼ਿਲੇ ‘ਚ ਤੀਜੀ ਮੌਤ ਸਾਹਮਣੇ ਆਈ ਹੈ।

ਵੀਡੀਓ ‘ਚ ਨੌਜਵਾਨ ਦੇ ਕੋਲ ਨਸ਼ੇ ਲਈ ਲਾਇਆ ਗਿਆ ਟੀਕਾ ਸਾਫ ਦੇਖਿਆ ਜਾ ਸਕਦਾ ਹੈ ਪਰ ਪੁਲਿਸ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਿਰਫ ਧਾਰਾ 174 ਤਹਿਤ ਮਾਮਲਾ ਦਰਜ ਕਰ ਲਿਆ। ਹਰਮਨ ਦੀ ਮੌਤ ਤੋਂ ਪਹਿਲਾਂ ਭਲੂਰ ਪਿੰਡ ‘ਚ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਨਸ਼ੇ ਕਾਰਨ ਮੌਤ ਹੋ ਗਈ ਸੀ।

ਹਰਮਨ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਐਤਵਾਰ ਨੂੰ ਘਰੋਂ ਨਿਕਲਿਆ ਸੀ ਅਤੇ ਉਦੋਂ ਤੋਂ ਲਾਪਤਾ ਸੀ। ਉਸ ਦਾ ਲੜਕਾ ਕਰੀਬ ਦੋ ਸਾਲਾਂ ਤੋਂ ਨਸ਼ਾ ਕਰ ਰਿਹਾ ਸੀ। ਪਿੰਡ ਦੇ ਸਰਪੰਚ ਕਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ‘ਚ ਨਸ਼ਾ ਜ਼ੋਰਾਂ ’ਤੇ ਹੈ ਅਤੇ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ। ਇਥੋਂ ਦੇ ਨੌਜਵਾਨ ਵੀ ਹੁਣ ਮਾਪਿਆਂ ਦੇ ਹੱਥੋਂ ਨਿਕਲਦੇ ਜਾ ਰਹੇ ਹਨ।

ਐਤਵਾਰ ਨੂੰ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਮੋਟਰਸਾਈਕਲ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਘਰੋਂ ਭੱਜ ਗਿਆ। ਉਸ ਦੀ ਲਾਸ਼ ਬੀਤੇ ਬੁੱਧਵਾਰ ਪਿੰਡ ਕੰਡਿਆਲ ਨੇੜੇ ਮਿਲੀ ਸੀ। ਪਰਿਵਾਰ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਅਤੇ ਸਸਕਾਰ ਕਰ ਦਿੱਤਾ।