ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਸਭ ਤੋਂ ਵੱਡੀ ਬਰਾਮਦਗੀ, 4 ਗਿਰਫਤਾਰ

0
641

40 ਲੱਖ ਤੋਂ ਵੱਧ ਨਸ਼ੀਲੇ ਪਾਦਰਥ ਬਰਾਮਦ, ਮਥੂਰਾ ਵਿਖੇ ਗੋਦਾਮ ‘ਤੇ ਮਾਰਿਆ ਛਾਪਾ

ਚੰਡੀਗੜ. ਪੰਜਾਬ ਪੁਲਿਸ ਨੇ ਸਾਈਕੋਟਰੋਪਿਕ ਨਸ਼ੇਆਂ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਚਾਰ ਵਿਅਕਤੀਆਂ ਨੂੰ ਗਿਰਫਤਾਰ ਕਰਕੇ 40,01,040 ਨਸ਼ੀਲੀਆਂ ਗੋਲੀਆਂ/ਕੈਪਸੂਲ/ਟੀਕੇ ਜਬਤ ਕੀਤੇ ਗਏ ਹਨ। ਜਿਸਦੀ ਕੀਮਤ ਲਗਭਗ 4-5 ਕਰੋੜ ਰੁਪਏ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮਸਾਣੀ ਬਾਈਪਾਸ ਲਿੰਕ ਰੋਡ, ਸਰਸਵਤੀ ਕੁੰਡ, ਮਥੁਰਾ (ਯੂ.ਪੀ.) ਵਿਖੇ ਸਥਿਤ ਇੱਕ ਗੋਦਾਮ ‘ਤੇ ਬਰਨਾਲਾ ਪੁਲਿਸ ਦੀ ਟੀਮ ਨੇ ਛਾਪਾ ਮਾਰਿਆ। ਜਿਸ ਦੀ ਵਰਤੋਂ ਨਸ਼ੀਲੇ ਪਦਾਰਥ ਸਟੋਰ ਕਰਨ ਲਈ ਕੀਤੀ ਜਾਂਦੀ ਸੀ। ਤਿੰਨ ਮੁਲਜਮਾਂ ਨੂੰ ਬਰਨਾਲਾ ਵਿੱਚੋਂ ਅਤੇ ਚੌਥੇ ਨੂੰ ਮਥੁਰਾ ਵਿੱਚੋਂ ਫੜਿਆ ਗਿਆ। ਉਹਨਾਂ ਦੱਸਿਆ ਕਿ ਨਸ਼ੇਆਂ ਦੀ ਇਸ ਬਰਾਮਦਗੀ ਨਾਲ ਹਜਾਰਾਂ ਨੌਜਵਾਨ ਨੂੰ ਨਸ਼ੇਆਂ ਤੋਂ ਬਚਾਇਆ ਗਿਆ, ਕਿਉਂਕਿ ਔਸਤਨ ਇੱਕ ਨੌਜਵਾਨ ਦਿਨ ਵਿੱਚ 10 ਗੋਲੀਆਂ/ਕੈਪਸੂਲ ਦਾ ਸੇਵਨ ਕਰਦਾ ਹੈ।

ਡੀਜੀਪੀ ਮੁਤਾਬਿਕ ਇੱਕ ਸੂਚਨਾ ਦੇ ਅਧਾਰ ‘ਤੇ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਹੇਠ ਸੀਆਈਏ ਬਰਨਾਲਾ ਦੀ ਇੱਕ ਪੁਲਿਸ ਪਾਰਟੀ ਵੱਲੋਂ ਇੱਕ ਜਾਲ ਵਿਛਾਇਆ ਗਿਆ ਸੀ। ਮੋਹਨ ਲਾਲ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਉੱਪਲੀ ਨੂੰ ਪਹਿਲਾਂ 800 ਨਸ਼ੀਲੀਆਂ ਗੋਲੀਆਂ (ਅਲਪਰਾਸੇਫ 0.5 ਮਿਲੀਗ੍ਰਾਮ) ਨਾਲ ਗਿਰਫਤਾਰ ਕੀਤਾ ਗਿਆ ਸੀ। ਉਸਦੀ ਪੁੱਛ-ਪੜਤਾਲ ਨਾਲ ਦੋ ਹੋਰ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ। ਜਿਨਾਂ ਦੀ ਪਛਾਣ ਬਲਵਿੰਦਰ ਕੁਮਾਰ ਪੁੱਤਰ ਬਸੰਤ ਲਾਲ ਵਾਸੀ ਕਿਲਾ ਮੁਹੱਲਾ, ਬਰਨਾਲਾ (ਓਮ ਸਵਾ ਮੈਡੀਕਲ ਹਾਲ, ਬਰਨਾਲਾ) ਅਤੇ ਨਰੇਸ ਮਿੱਤਲ ਉਰਫ ਰਿੰਕੂ ਪੁੱਤਰ ਪ੍ਰੇਮ ਚੰਦ (ਬੀਰੂ ਰਾਮ ਠਾਕੁਰ ਦਾਸ ਮੈਡੀਕਲ ਸਟੋਰ, ਸਦਰ ਬਾਜਾਰ, ਬਰਨਾਲਾ) ਵਜੋਂ ਹੋਈ ਜਿਹਨਾਂ ਕੋਲੋਂ 1700 ਨਸ਼ੀਲੀਆਂ ਗੋਲੀਆਂ (ਕਲੋਵਿਡੋਲ 100 ਐਸਆਰ) ਫੜੀਆਂ ਗਈਆਂ। ਇਸ ਤੋਂ ਇਲਾਵਾ, ਐਵੀਡੈਂਸ ਐਕਟ ਦੀ ਧਾਰਾ 27 ਅਧੀਨ ਦੋਸ਼ੀ ਪਾਸੋਂ 1800 ਨਸ਼ੀਲੀਆਂ ਗੋਲੀਆਂ (ਕਲੋਵਿਡੋਲ 100 ਐਸਆਰ), ਇਕ ਇਨੋਵਾ ਕਾਰ ਅਤੇ 5 ਲੱਖ ਰੁਪਏ (ਡਰੱਗ ਮਨੀ) ਵੀ ਬਰਾਮਦ ਕੀਤੇ ਗਏ।

ਡੀਜੀਪੀ ਨੇ ਦੱਸਿਆ ਕਿ ਮੁੱਖ ਮੁਲਜਮ ਨਰੇਸ ਮਿੱਤਲ, ਜੋ ਆਪਣੇ ਮੈਡੀਕਲ ਸਟੋਰ ਤੋਂ ਨਸੀਲੇ ਪਦਾਰਥ ਪ੍ਰਾਪਤ ਕਰ ਰਿਹਾ ਸੀ, ਤੋਂ ਹੋਰ ਪੁੱਛਗਿੱਛ ਦੌਰਾਨ ਭਾਰਤ ਵਿਚ ਦੂਜੇ ਸੂਬਿਆਂ ਤੋਂ ਸਾਈਕੋਟ੍ਰੋਪਿਕ ਡਰੱਗਜ ਦੀ ਸਪਲਾਈ ਦੀ ਇਕ ਲੜੀ ਦਾ ਪਰਦਾਫਾਸ ਕੀਤਾ ਗਿਆ ਹੈ। ਮਿੱਤਲ ਵੱਲੋਂ ਕੀਤੇ ਖੁਲਾਸਿਆਂ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਇਸ ਰੈਕੇਟ ਨਾਲ ਸਬੰਧਤ ਤੈਅਬ ਕੁਰੈਸੀ ਪੁੱਤਰ ਬਾਬੂ ਕੁਰੈਸੀ ਵਾਸੀ ਚੱਕਲਾ ਸਟ੍ਰੀਟ, ਸਦਰ ਬਾਜਾਰ, ਮਥੁਰਾ ਦਾ ਪਤਾ ਲਗਾਇਆ। ਤਈਬ ਨੂੰ ਮਥੁਰਾ ਵਿਖੇ 80,000 ਨਸੀਲੀਆਂ ਗੋਲੀਆਂ (ਕਲੇਵਿਡੋਲ 100 ਐਸਆਰ) ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ, 39,21,040 ਨਸੀਲੇ ਗੋਲੀਆਂ (ਕਲੇਵਿਡੋਲ 100 ਐਸਆਰ), ਕੈਪਸੂਲ ਅਤੇ ਇੰਜੈਕਸਨ ਮਥੁਰਾ ਦੇ ਗੋਦਾਮ ਵਿਚੋਂ ਬਰਾਮਦ ਕੀਤੇ ਗਏ। ਡੀਜੀਪੀ ਨੇ ਅੱਗੇ ਦੱਸਿਆ ਕਿ ਅਗਲੇਰੀ ਜਾਂਚ ਨਾਲ ਇਸ ਗੈਰਕਾਨੂੰਨੀ ਰੈਕੇਟ ਨਾਲ ਸਬੰਧਤ ਹੋਰ ਮੁਲਜਮਾਂ ਨੂੰ ਦਬੋਚਿਆ ਜਾਵੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।