ਜਲੰਧਰ ਰੇਲਵੇ ਸਟੇਸ਼ਨ ਤੋਂ ਅੱਜ ਸ਼ਾਮ 1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਹਿਲੀ ‘ਸ੍ਰਮਿਕ ਐਕਸਪ੍ਰੈਸ’ ਟ੍ਰੇਨ ਹੋਵੇਗੀ ਰਵਾਨਾ

    0
    1861

    ਜਲੰਧਰ. ਪ੍ਰਵਾਸੀ ਮਜ਼ਦੂਰ ਜੋ ਆਪਣੇ ਸੂਬਿਆਂ ਨੂੰ ਵਾਪਿਸ ਜਾਣ ਦੇ ਚਾਹਵਾਨ ਹਨ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਪਹਿਲੀ ਸ਼੍ਰਾਮਿਕ ਐਕਸਪ੍ਰੈਸ ਰੇਲ ਗੱਡੀ ਮੰਗਲਵਾਰ ਦੀ ਸ਼ਾਮ ਨੂੰ ਝਾਰਖੰਡ ਦੇ ਡਾਲਟਗੰਜ ਲਈ ਰਵਾਨਾ ਹੋਵੇਗੀ।

    ਡੀਸੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਰੇਲਵੇ ਸਟੇਸ਼ਨ ‘ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਕਿਹਾ ਕਿ 1200 ਯਾਤਰੀਆਂ ਦੀ ਸਮੱਰਥਾ ਵਾਲੀ ਇਹ ਰੇਲ ਗੱਡੀ ਜਲੰਧਰ ਤੋਂ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਰੇਲ ਗੱਡੀ ਰਾਹੀਂ ਉਹੀ ਯਾਤਰੀ ਜਾ ਸਕਣਗੇ, ਜਿਨਾਂ ਨੇ ਆਪਣੇ ਆਪ ਨੂੰ ਸੂਬਾ ਸਰਕਾਰ ਦੇ ਪੋਰਟਲ ‘ਤੇ ਰਜਿਸਟਰਡ ਕਰਵਾਇਆ ਹੈ ਅਤੇ ਉਨਾਂ ਨੂੰ ਅੱਜ ਦੇਰ ਰਾਤ ਜਾਂ ਮੰਗਲਵਾਰ ਦੀ ਸਵੇਰੇ ਨੂੰ ਮੋਬਾਇਲ ‘ਤੇ ਐਸ.ਐਮ.ਐਸ. ਪ੍ਰਾਪਤ ਹੋਇਆ ਹੈ।

    ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇ ਕੋਈ ਦੂਸਰਾ ਵਿਅਕਤੀ ਜਲੰਧਰ ਰੇਲਵੇ ਸਟੇਸ਼ਨ ‘ਤੇ ਆਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ਼ ਕਰਫ਼ਿਊ ਨਿਯਮਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ.ਐਮ.ਐਸ. ਪ੍ਰਾਪਤ ਕਰਨ ਤੋਂ ਬਾਅਦ 600 ਯਾਤਰੀ ਪਠਾਨਕੋਟ ਚੌਕ ‘ਤੇ ਬੱਲੇ-ਬੱਲੇ ਫਾਰਮ ‘ਤੇ ਇਕੱਠਾ ਹੋਣਗੇ ਜਦਕਿ 300 ਯਾਤਰੀ ਨਕੋਦਰ ਰੋਡ ‘ਤੇ ਖਾਲਸਾ ਕਾਲਜ ਅਤੇ 300 ਯਾਤਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਹਿਰੂ ਗਾਰਡਨ ਰੋਡ ‘ਤੇ ਇਕੱਠੇ ਹੋਣਗੇ। ਉਨ੍ਹਾਂ ਕਿਹਾ ਕਿ ਸਾਰੇ ਯਾਤਰੀਆਂ ਦੀ ਸਿਹਤ ਟੀਮ ਵਲੋਂ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਉਹ ਤੰਦਰੁਸਤ ਹੋਏ ਤਾਂ ਰੇਲ ਗੱਡੀ ਵਿੱਚ ਸਫ਼ਰ ਕਰ ਸਕਣਗੇ।

    ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਯਾਤਰੀ ਆਪਣੇ ਨਾਲ ਖਾਣਾ ਅਤੇ ਪਾਣੀ ਲੈ ਕੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ‘ਤੇ ਯੋਗ ਵਿਅਕਤੀ ਦੇ ਦਾਖਲੇ ਦੀ ਜਾਂਚ ਲਈ ਪੰਜਾਬ ਪੁਲਿਸ ਦੇ ਨਾਲ ਸੀ.ਆਰ.ਪੀ.ਐਫ. ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਤਹਿਤ ਅਜਿਹੀਆਂ ਹੋਰ ਰੇਲ ਗੱਡੀਆਂ ਲਖਨਊ, ਵਾਰਾਣਸੀ, ਅਯੌਧਿਆ, ਗੋਰਖਪੁਰ, ਪਰਿਆਗ ਰਾਜ(ਅਲਾਹਬਾਦ), ਸੁਲਤਾਨਪੁਰ, ਕਟਨੀ (ਮੱਧ ਪ੍ਰਦੇਸ਼), ਝਾਰਖੰਡ ਅਤੇ ਹੋਰਨਾਂ ਸੂਬਿਆਂ ਨੂੰ ਚਲਾਈਆਂ ਜਾਣਗੀਆਂ।

    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਬਬੀਤਾ ਕਲੇਰ, ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਅਤੇ ਬਲਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜ਼ੀ ਅਤੇ ਪੀ.ਐਸ. ਭੰਡਾਲ, ਐਸ.ਪੀ. ਆਰ.ਪੀ.ਐਸ.ਸੰਧੂ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ ਅਤੇ ਡਾ.ਜੈ ਇੰਦਰ ਸਿੰਘ, ਸਕੱਤਰ ਆਰ.ਟੀ.ਏ. ਬਰਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।