ਸਾਰੀ ਉਮਰ ਮਜ਼ਦੂਰਾਂ ਲਈ ਜਾਗਿਆ ਕਾਰਲ ਮਾਰਕਸ

0
5520
ਲੇਖਿਕਾ ਰਜਨੀਸ਼ ਕੌਰ ਰੰਧਾਵਾ ਪੱਤਰਕਾਰ ਹਨ। ਲਗਾਤਾਰ ਸਮਾਜਿਕ ਮੁੱਦਿਆਂ ਬਾਰੇ ਲਿਖਦੇ ਰਹਿੰਦੇ ਹਨ।

ਮਾਰਕਸਵਾਦ ਦੇ ਰਚੇਤਾ ਅਤੇ ਸਮਾਜ ਵਿਗਿਆਨੀ ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨੀ ਦੇ ਟਰੀਅਰ ਨਗਰ ਵਿਖੇ ਇਕ ਮੱਧ-ਵਰਗੀ ਯਹੂਦੀ ਪਰਿਵਾਰ ਪਿਤਾ ਹਾਈਨਰਿਖ ਮਾਰਕਸ ਜੋ ਇਕ ਪ੍ਰਸਿੱਧ ਵਕੀਲ ਸਨ ਦੇ ਘਰ ਹੋਇਆ। ਜਿਵੇਂ ਕਿ ਹਰ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਮਾਪੇ ਦੀ ਇੱਛਾ ਅਨੁਸਾਰ ਹੀ ਬਣਨ, ਉਹ ਵੀ ਮਾਰਕਸ ਨੂੰ ਵਕੀਲ ਬਣਾਉਣਾ ਚਾਹੁੰਦੇ ਸਨ। ਪਰ ਮਾਰਸਕ ਆਪਣੇ ਮਾਤਾ-ਪਿਤਾ ਦੀਆਂ ਇਛਾਵਾਂ ‘ਤੇ ਖਰਾ ਨਾ ਉਤਰ ਸਕਿਆ ਤੇ ਸਾਹਿਤ ਤੇ ਦਰਸ਼ਨ ਦੀ ਵਿੱਦਿਆ ਹਾਸਲ ਕਰਕੇ ਮਜ਼ਦੂਰ ਲਹਿਰ ਦਾ ਮਹਾਨ ਅਰਥ-ਸ਼ਾਸ਼ਤਰੀ ਬਣ ਗਿਆ। ਕਾਰਲ ਦੀ ਮਾਂ ਹਾਲੈਂਡ ਦੀ ਰਹਿਣ ਵਾਲੀ ਸੀ ਤੇ ਇਕ ਘਰੇਲੂ ਔਰਤ ਸੀ ਜਿਸ ਨੇ ਚਾਰ ਲੜਕਿਆਂ ਤੇ ਪੰਜ ਲੜਕੀਆਂ ਨੂੰ ਜਨਮ ਦਿੱਤਾ। ਕਾਰਲ ਮਾਰਕਸ ਦੇ ਤਿੰਨੇ ਭਰਾ ਤੇ ਦੋ ਭੈਣਾਂ, ਛੋਟੀ ਉਮਰ ਵਿਚ ਹੀ ਮਰ ਗਏ ਸਨ। ਕਾਰਲ ਮਾਰਕਸ ਜਿਹੜਾ ਖਾਂਦੇ- ਪੀਂਦੇ ਮੱਧ-ਵਰਗੀ ਪਰਿਵਾਰ ਵਿਚ ਪੈਦਾ ਹੋਇਆ, ਪਰ ਸਾਰੀ ਉਮਰ ਮਜ਼ਦੂਰ ਜਮਾਤ ਤੇ ਹੋਰ ਲੁੱਟੇ ਪੁੱਟੇ ਜਾਂਦੇ ਜਨਸਮੂਹਾਂ ਦੀ ਮੁੱਕਤੀ ਲਈ ਹੀ ਸੋਚਦਾ, ਲਿਖਦਾ ਤੇ ਪੜ੍ਹਦਾ ਰਿਹਾ। ਉਸ ਨੇ ਆਪਣਾ ਸਾਰਾ ਜੀਵਨ ਆਪਣੇ ਲਈ ਨਹੀਂ ਸੀ ਸਗੋਂ ਮਿਹਨਤ ਮਜ਼ਦੂਰੀ ਕਰਨ ਵਾਲੇ ਵਰਗ ਦੀ ਮੁਕਤੀ ਦੇ ਲੇਖੇ ਹੀ ਲਾ ਦਿੱਤਾ।
ਉਹਨਾ ਨੇ ਜਰਮਨੀ ਦੀਆਂ ਵੱਖੋ-ਵੱਖ ਯੂਨੀਵਰਸਿਟੀਆਂ ਵਿਚ ਵਿੱਦਿਆ ਪ੍ਰਾਪਤ ਕੀਤੀ। 1835 ਵਿਚ ਮਾਰਕਸ ਆਪਣੇ ਮਾਂ-ਪਿਓ ਦੀ ਇੱਛਾ ਅਨੁਸਾਰ ਕਾਨੂੰਨ ਦੀ ਪੜ੍ਹਾਈ ਕਰਨ ਲਈ ਬੋਨ ਯੂਨੀਵਰਸਿਟੀ ਵਿਚ ਦਾਖ਼ਲ ਹੋਇਆ ਪਰ ਕੇਵਲ ਦੋ ਟਰਮਾਂ ਹੀ ਉੱਥੇ ਪੜ੍ਹਨ ਪਿਛੋਂ ਉਹ 1836 ਵਿਚ ਕਾਨੂੰਨ ਦੇ ਵਿਸ਼ੇ ਪੜ੍ਹਨ ਲਈ ਬਰਲਿਨ ਯੂਨੀਵਰਸਟੀ ਵਿਚ ਦਾਖ਼ਲ ਹੋ ਗਿਆ। ਮਾਰਕਸ ਜਦੋਂ 20 ਕੁ ਵਰ੍ਹਿਆਂ ਦਾ ਹੀ ਸੀ ਕਿ 1838 ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ। ਮਾਰਕਸ, ਫਲਸਫੇ ਦੇ ਅਧਿਆਨ ਵਿਚ ਸੱਚ ਦੀ ਖੋਜ ਵਿਚ ਤੇ ਆਪਣਾ ਜੀਵਨ ਮਾਨਵਤਾ ਦੇ ਲੇਖੇ ਲਾਉਣ ਦੇ ਰਾਹ ‘ਤੇ ਦ੍ਰਿੜ ਚਿੱਤ ਹੋ ਕੇ ਤੁਰ ਪਿਆ ਸੀ ਪਰ ਉਸ ਦੀ ਮਾਂ ਨੇ, ਜੋ ਆਪਣੇ ਪੁੱਤਰ ਨੂੰ ਨਕੰਮਾ ਤੇ ‘ਨਿਖੱਟੂ’ ਸਮਝਦੀ ਸੀ, ਮਾਰਕਸ ਨੂੰ ਉਸਦੇ ਪਿਓ ਦੀ ਵਿਰਾਸਤ ਚੋਂ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
15 ਅਪ੍ਰੈਲ 1841 ਨੂੰ 23 ਵਰ੍ਹਿਆਂ ਦੀ ਉਮਰ ਵਿਚ ਹੀ ਉਸ ਨੇ ਜਰਮਨ ਦੀ ‘ਜੇਨਾ’ ਯੂਨੀਵਰਸਿਟੀ ਤੋਂ ਆਪਣੇ ਖੋਜ ਪ੍ਰਬੰਧ ”ਪ੍ਰਕਿਰਤੀ ਬਾਰੇ ਡੈਮੋਕਰਾਈਟਸ ਤੇ ਐਪੀਕਿਊਰਸ ਦੇ ਦਰਸ਼ਨ ਵਿਚਕਾਰ ਅੰਤਰ” ਲਈ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰ ਲਈ ਤੇ ਉਹ ਡਾਕਟਰ ਕਾਰਲ ਮਾਰਕਸ ਬਣ ਗਿਆ।
ਮਾਰਕਸ ਨੇ ਆਪਣੇ ਜੀਵਨ ਵਿਚ ਮਜ਼ਦੂਰ ਵਰਗ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਰਹਿਣ ਕਾਰਨ ਢੇਰ ਸਾਰੇ ਦੁੱਖ ਝੱਲੇ। ਉਸ ਸਮੇਂ ਦੇ ਹਾਕਮਾਂ ਵਲੋਂ ਮਾਰਕਸ ‘ਤੇ ਅਨੇਕਾਂ ਤਰ੍ਹਾਂ ਦੇ ਮਾਨਸਿਕ ਤੇ ਸਰੀਰਕ ਜ਼ੁਲਮ ਵੀ ਢਾਹੇ ਗਏ। ਉਸ ਦੇ ਇਨਕਲਾਬੀ ਵਿਚਾਰਾਂ ਕਰਕੇ ਜਰਮਨੀ ਦੀ ਸਰਕਾਰ ਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ। 1848 ਵਿਚ ਜਦੋਂ ਉਹ ਮੁੜ ਆਪਣੇ ਦੇਸ਼ ਪਰਤਿਆ ਤਾਂ ਉਸ ਨੂੰ ਫੇਰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਫਿਰ ਪੈਰਿਸ ਵਿਚ ਰਹਿੰਦੇ ਹੋਏ ਵੀ ਉਸ ਦੇ ਇਨਕਲਾਬੀ ਵਿਚਾਰਾਂ ਕਰਕੇ 1849 ਵਿਚ ਉੱਥੋਂ ਵੀ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਉਸ ਤੋਂ ਬਾਦ ਉਸ ਨੇ ਲੰਡਨ ਸ਼ਹਿਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਮਾਰਕਸ ਨੂੰ ਉਸਦੇ ਵਿਚਾਰਾਂ ਕਰਕੇ ਹੀ ਦੇਸ਼ ਨਿਕਾਲਾ ਮਿਲਦਾ ਰਿਹਾ। ਪਰ ਮਾਰਕਸ ਨੇ ਕਿਸੇ ਵੀ ਕੀਮਤ ਉੱਪਰ ਆਪਣੇ ਵਿਚਾਰ ਨਾ ਛੱਡੇ। ਉਹ ਆਪਣੇ ਸਿਧਾਂਤ ‘ਤੇ ਅਡੋਲ ਰਹਿ ਕੇ ਅੰਤਿਮ ਸਮੇਂ ਤੱਕ ਪਹਿਰਾ ਦਿੰਦਾ ਰਿਹਾ।
ਮਾਰਕਸ ਇਕ ਪੱਖ ਤੋਂ ਬਹੁਤ ਹੀ ਖੁਸ਼ਕਿਸਮਤ ਸੀ ਕਿ ਉਸਨੂੰ ਦੋ ਅਜਿਹੇ ਸਾਥੀ ਮਿਲੇ ਜਿਨ੍ਹਾਂ ਨੇ ਇਸ ਕਠਿਨ ਸੰਘਰਸ਼ਮਈ ਤੇ ਦੁੱਖਾਂ ਭਰੀ ਜ਼ਿੰਦਗੀ ਦੀਆਂ ਤਕਲੀਫਾਂ ਝੱਲ ਰਹੇ ਮਾਰਕਸ ਨੂੰ ਨਾ ਛੱਡਦੇ ਹੋਏ ਉਸਦਾ ਸਾਥ ਆਖਰੀ ਸਮੇਂ ਤੱਕ ਨਿਭਾਇਆ। ਉਸਦੇ ਇਹਨਾਂ ਦੋ ਸਾਥੀਆਂ ਚੋਂ ਇਕ ਸੀ ਮਹਾਨ ਬੁੱਧੀਮਾਨ ਤੇ ਦਾਰਸ਼ਨਿਕ ਫਰੈਡਰਿਕ ਏਂਗਲਜ਼ ਤੇ ਦੂਜਾ ਸਾਥੀ ਸੀ ਸੂਝਵਾਨ ਤੇ ਬੜੇ ਸ਼ਾਂਤਮਈ ਸੁਭਾਅ ਵਾਲੀ, ਦਲੇਰ ਤੇ ਪਿਆਰ ਕਰਨ ਵਾਲੀ ਉਸਦੀ ਜੀਵਨ ਸਾਥਣ ਜੈਨੀ। ਇਨ੍ਹਾਂ ਦੋਹਾਂ ਹੀ ਸਾਥੀਆਂ ਦਾ ਕਾਰਲ ਮਾਰਕਸ ਦੇ ਜੀਵਨ ਅਤੇ ਮਾਰਕਸਵਾਦ ਦੀ ਸਿਰਜਣਾ ਵਿਚ ਬਹੁਤ ਮਹੱਤਵਪੂਰਨ ਰੋਲ ਹੈ। ਇਨ੍ਹਾਂ ਦੋਹਾਂ ਨੇ ਹੀ ਆਪਣਾ ਜੀਵਨ ਪੂਰੀ ਤਰ੍ਹਾਂ ਮਾਰਕਸ ਨੂੰ ਸਮਰਪਣ ਕੀਤਾ ਸੀ। ਏਂਗ਼ਲਜ ਨੇ ਮਾਰਕਸ ਦੀ ਮੌਤ ‘ਤੇ ਸ਼ੌਕ ਸਮੇਂ ਕਿਹਾ ਸੀ,” ਮਨੁੱਖਤਾ ਕੋਲੋਂ ਇਕ ਅਜੇਹਾ ਦਿਮਾਗ ਖੁੱਸ ਗਿਆ ਹੈ ਜਿਹੜਾ ਸਾਡੇ ਸਮਿਆਂ ਦਾ ਸਭ ਤੋਂ ਮਹਾਨ ਦਿਮਾਗ ਸੀ।”
1843 ਵਿਚ ਕਾਰਲ ਮਾਰਕਸ ਨੇ ਆਪਣੇ ਬਚਪਨ ਦੀ ਦੋਸਤ ਜੈਨੀ ਨਾਲ ਵਿਆਹ ਕਰਵਾ ਲਿਆ। ਜੈਨੀ, ਮਾਰਕਸ ਨਾਲੋਂ 4 ਸਾਲ ਵੱਡੀ ਸੀ ਅਤੇ ਬੜੇ ਅਮੀਰ ਪਰਵਾਰ ‘ਚੋਂ ਸੀ। ਜੈਨੀ ਇਕ ਪੜ੍ਹੀ ਲਿਖੀ, ਦਿਮਾਗੀ ਤੇ ਟਰੀਅਰ ਦੀ ਸਭ ਤੋਂ ਖ਼ੂਬਸੂਰਤ ਲੜਕੀ ਸੀ ਜੋ ਮਾਰਕਸ ਦੀ ਪ੍ਰੇਮਿਕਾ ਹੀ ਨਹੀਂ ਸਗੋਂ ਜੀਵਨ ਭਰ ਉਸ ਦੀ ਪ੍ਰੇਰਨਾ ਸਰੋਤ ਬਣੀ ਰਹੀ ਅਤੇ ਆਰਥਿਕ ਤੰਗੀਆਂ ਤੇ ਮਾਨਸਿਕ ਕਸ਼ਟਾਂ ਦੇ ਦੌਰ ਵਿਚ ਵੀ ਮਾਰਕਸ ਨਾਲ ਡਟ ਕੇ ਅਡੋਲ ਖੜੀ ਰਹੀ। ਜੈਨੀ ਨੇ ਮਾਰਕਸ ਨੂੰ ਰੱਜ ਕੇ ਪਿਆਰ ਦਿੱਤਾ, ਉਸਦੇ ਕੰਮ ਵਿਚ ਪੂਰਾ-ਪੂਰਾ ਸਹਿਯੋਗ ਦਿੱਤਾ ਤੇ ਹਰ ਆਉਣ ਵਾਲੀ ਮੁਸੀਬਤ ਵਿਚੋਂ ਵੀ ਬਾਹਰ ਕੱਢਿਆ। ਜੈਨੀ ਆਪ ਆਪਣੇ ਸ਼ਹਿਰ-ਤਰਾਇਰ ਦੀ ਸਭ ਤੋਂ ਸੋਹਣੀ ਕੁੜੀ ਸੀ। ਉਸ ਸਮੇਂ ਦੇ ਅਮੀਰ ਘਰਾਣਿਆਂ ਦੇ ਨੌਜਵਾਨ ਉਸ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨ, ਪਰੰਤੂ ਜੈਨੀ ਨੇ ਸਾਰਿਆਂ ਨੂੰ ਛੱਡ ਕੇ ਆਪਣੇ ਬਚਪਨ ਦੇ ਸਾਥੀ ਕਾਰਲ ਮਾਰਕਸ ਨੂੰ ਚੁਣਿਆ। ਮਾਰਕਸ ਦਰਮਿਆਨੇ ਕੱਦ, ਠੁੱਲੇ ਨੈਣ-ਨਕਸ਼ਾਂ ਤੇ ਸੰਘਣੇ ਵਾਲਾਂ ਵਾਲਾ ਸੀ। ਜੈਨੀ ਉਹਦੇ ਸਰੀਰ ਦੀ ਥਾਂ ਉਹਦੀ ਬੌਧਿਕਤਾ, ਉਹਦੀ ਸਿਆਣਪ ਤੇ ਸੁਹਿਰਦਤਾ ਤੋਂ ਪ੍ਰਭਾਵਿਤ ਸੀ। ਇਸੇ ਲਈ ਉਹਨੇ ਉਸ ਲਈ ਆਪਣਾ ਜੀਵਨ ਕੁਰਬਾਨ ਕੀਤਾ। ਮਾਰਕਸ ਮੁੱਢ ਵਿਚ ਚੰਗਾ ਕਵੀ ਤੇ ਲੇਖਕ ਸੀ ਅਤੇ, ਅੰਤ ਵਿਚ ਉਹ ਇਕ ਪਦਾਰਥਵਾਦੀ ਦਾਰਸ਼ਨਿਕ ਬਣ ਗਿਆ।
ਮਾਰਕਸ ਦੀ ਮਨੁੱਖੀ ਸਮਾਜ ਨੂੰ ਸਭ ਤੋਂ ਮਹਾਨ ਦੇਣ ਹੈ ਉਸ ਵਲੋਂ ਪੂੰਜੀਵਾਦੀ ਸਮਾਜ ਦੀ ਆਰਥਿਕਤਾ ਦਾ ਕੀਤਾ ਗਿਆ ਵਿਗਿਆਨਕ ਵਿਸ਼ਲੇਸ਼ਨ ਹੈ ਜਿਹੜਾ ਕਿ ‘ਪੂੰਜੀ’ (3apital) ਦੇ ਸਿਰਲੇਖ ਹੇਠ ਤਿੰਨ ਜਿਲਦਾਂ ²ਵਿਚ ਛਪੇ ਗ੍ਰੰਥਾਂ ਵਿਚ ਦਰਜ ਹੈ। ਜਿਸ ਨੂੰ ਮਜਦੂਰ ਵਰਗ ਨੇ ਆਪਣਾ ਧਾਰਮਿਕ ਗ੍ਰੰਥ ਹੋਣ ਦਾ ਮਾਣ ਮਹਿਸੂਸ ਬਖਸ਼ਿਆ ਹੈ। ਉਸ ਦੀਆਂ ਦੂਜੀਆਂ ਮਹਾਨ ਲਿਖਤਾਂ ਵਿਚ, ‘ਫਰਾਂਸ ਵਿਚ ਜਮਾਤੀ ਸੰਘਰਸ਼ 1848-1850’, ‘ਫਰਾਂਸ ਵਿਚ ਗ੍ਰਹਿ ਯੁੱਧ’,’ਉਜਰਤੀ ਕਿਰਤ ਤੇ ਪੂੰਜੀ’, ‘ਉਜਰਤ, ਕੀਮਤ ਤੇ ਮੁਨਾਫਾ’, ‘1844 ਦੇ ਆਰਥਕ ਤੇ ਦਾਰਸ਼ਨਿਕ ਖਰੜੇ (Manuscripts)’, ‘ਲੂਈ ਬੋਨਪਾਰਟੇ ਦੀ ਅਠਾਰਵੀਂ ਬਰੂਮੇਰ’, ਅਤੇ ‘ਫਲਸਫੇ ਦੀ ਕੰਗਾਲੀ’ ਆਦਿ ਸ਼ਾਮਲ ਹਨ। ਉਸ ਨੇ ਤੇ ਉਸ ਦੇ ਸਭ ਤੋਂ ਵੱਡੇ ਮਿੱਤਰ, ਫਰੈਡਰਿਕ ਏਂਗਲਜ਼ ਨੇ ਮਿਲਕੇ ਸਾਂਝੇ ਤੌਰ ਤੇ ਵੀ ਬਹੁਤ ਮਹਾਨ ਰਚਨਾਵਾਂ ਦੀ ਸਿਰਜਨਾ ਕੀਤੀ ਹੈ
ਮਨੁੱਖੀ ਇਤਿਹਾਸ ਦੇ ਸਭ ਤੋਂ ਪਵਿੱਤਰ ਕਾਜ਼ ਲਈ ਆਪਣਾ ਜੀਵਨ ਲਾਉਂਦੇ ਸਮੇਂ ਕਾਰਲ ਮਾਰਕਸ ਨੂੰ ਬਹੁਤ ਹੀ ਮੁਸ਼ਕਲਾਂ ਤੇ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ ਸੀ। ਮਾਰਕਸ ਦੇ ਘਰ ਛੇ ਬੱਚੇ ਪੈਦਾ ਹੋਏ ਜਿਨ੍ਹਾਂ ਵਿੱਚੋਂ ਤਿੰਨਾਂ ਦੀ ਮੌਤ ਸਰੀਰਕ ਜ਼ਰੂਰਤ ਅਨੁਸਾਰ ਖਾਣਾ ਨਾ ਮਿਲਣ ਕਾਰਨ ਹੀ ਹੋ ਗਈ। ਮਾਰਕਸ ਨਿਰੰਤਰ ਅਧਿਆਨ ਵਿਚ ਜੁਟਿਆ ਅਤੇ ਲਿਖਦਾ ਰਹਿੰਦਾ ਘਰ ਨੂੰ ਚਲਾਉਣ ਦੀ ਪੂਰੀ ਜਿੰਮੇਵਾਰੀ ਉਸ ਦੀ ਪਤਨੀ ਜੈਨੀ ਦੀ ਹੀ ਸੀ। ਗਰੀਬੀ ਇੰਨੀ ਅੰਤਾਂ ਦੀ ਸੀ ਕਿ ਗਰੀਬੀ ਕਾਰਨ ਹੀ ਮਾਰਕਸ ਦੇ ਅੱਠ ਸਾਲਾ ਬੇਟੇ ਐਡਗਰ ਦੀ ਮੌਤ ਹੋ ਗਈ। ਬੇਟੇ ਦੀ ਮੌਤ ਕਾਰਨ ਮਾਰਕਸ ਇੰਨਾ ਮਾਯੂਸ ਹੋ ਗਿਆ, ਕਿ ਉਸ ਨੇ ਲਿਖਿਆ ”ਉਬੇਕਨ ਨੇ ਕਿਹਾ ਸੀ ਵੱਡਾ ਬੰਦਾ ਕੁਦਰਤ ਅਤੇ ਸੰਸਾਰ ਦੇ ਏਨਾ ਨੇੜੇ ਹੁੰਦਾ ਹੈ ਕਿ ਵੱਡੀ ਤੋਂ ਵੱਡੀ ਸੱਟ ਝੱਲ ਲੈਂਦਾ ਹੈ, ਮੈਂ ਇਸ ਤਰ੍ਹਾਂ ਦਾ ਵੱਡਾ ਬੰਦਾ ਨਹੀਂ ਹਾਂ। ਮੇਰੇ ਬੇਟੇ ਦੀ ਮੌਤ ਨੇ ਮੈਨੂੰ ਤੋੜ ਦਿੱਤਾ ਹੈ। ਮੇਰੀ ਕਮਜ਼ੋਰ ਪਤਨੀ ਸਦਮੇਂ ਵਿਚ ਹੈ।” ਗਰੀਬੀ ਦੀ ਹਾਲਤ ਇਹ ਸੀ ਕਿ ਪੁੱਤਰ ਦੀ ਲਾਸ਼ ਦਫਨ ਕਰਨ ਵਾਸਤੇ ਉਸ ਕੋਲ ਪੈਸੇ ਨਹੀਂ ਸਨ। ਇਕ ਫਰਾਂਸੀਸੀ ਤੋਂ ਉਧਾਰ ਲੈ ਕੇ ਕਫਨ ਖਰੀਦਿਆ ਗਿਆ। ਮਾਰਕਸ ਆਪ ਏਨੇ ਸਦਮੇਂ ਵਿਚ ਸੀ ਕਿ ਉਸ ਨੇ ਇੱਥੋਂ ਤੱਕ ਆਖ ਦਿੱਤਾ ਸੀ ਕਿ ਮੈਨੂੰ ਵਿਆਹ ਨਹੀਂ ਸੀ ਕਰਵਾਉਣਾ ਚਾਹੀਦਾ। ਗਰੀਬੀ ਦੇ ਚੱਲਦਿਆਂ ਮੈਂ ਆਪਣੇ ਪਰਿਵਾਰ ਲਈ ਕੁਝ ਨਹੀਂ ਕਰ ਸਕਿਆ ਜਿਸ ਕਰਕੇ ਉਹ ਸਾਰੇ ਸੰਤਾਪ ਭੋਗ ਰਹੇ ਹਨ। ਪਰ ਉਸ ਦਾ ਪੂਰਾ ਪਰਿਵਾਰ ਹੀ ਉਸ ਦੇ ਇਸ ਕਠਿਨ ਰਸਤੇ ਉੱਪਰ ਉਸ ਦੇ ਨਾਲ ਹੀ ਸੀ। ਉਸ ਦੀ ਪਤਨੀ ਜੈਨੀ ਘਰ ਦਾ ਖਰਚ ਚਲਾਉਣ ਲਈ ਬੱਚਿਆਂ ਦੇ ਪੁਰਾਣੇ ਕੱਪੜੇ ਲਿਆ ਕੇ ਤਾਂ ਵੇਚਦੀ ਹੀ ਸੀ, ਨਾਲ ਦੀ ਨਾਲ ਉਸ ਲਈ ਅਧਿਐਨ ਸਮੱਗਰੀ ਇਕੱਠੀ ਵੀ ਕਰਦੀ ਰਹਿੰਦੀ ਸੀ। ਉਸ ਨੇ ਕਦੇ ਵੀ ਮਾਰਕਸ ਨੂੰ ਇਹ ਮਹਿਸੂਸ ਹੀ ਨਾ ਹੋਣ ਦਿੱਤਾ ਕਿ ਉਹ ਇਕ ਅਮੀਰ ਬਾਪ ਦੀ ਲੜਕੀ ਹੈ। ਇਥੋਂ ਤੱਕ ਕਿ ਮਾਰਕਸ ਕਈ ਕਈ ਹਫਤੇ ਘਰੋਂ ਬਾਹਰ ਨਹੀਂ ਸੀ ਨਿਕਲਦਾ ਕਿਉਂਕਿ ਉਸਦੇ ਕੱਪੜੇ ਗਹਿਣੇ ਪਏ ਹੁੰਦੇ ਸਨ। ਕਦੇ ਅਜਿਹਾ ਵੀ ਹੁੰਦਾ ਰਿਹਾ ਕਿ ਉਨ੍ਹਾਂ ਦੀਆਂ ਧੀਆਂ ਕੋਲ ਸਕੂਲ ਜਾਣ ਲਈ ਕੱਪੜੇ ਨਹੀਂ ਸਨ ਹੁੰਦੇ।
14 ਮਾਰਚ 1883 ਨੂੰ ਕਾਰਲ ਮਾਰਕਸ 64 ਸਾਲਾਂ ਦੀ ਉਮਰ ਵਿਚ ਆਪਣੇ ਸਾਰੇ ਕੰਮਾਂ ਨੂੰ ਛੱਡ ਕੇ ਸਦਾ ਦੀ ਨੀਂਦ ਸੌ ਗਿਆ। ਕਾਰਲ ਮਾਰਕਸ ਨੂੰ ‘ਹਾਈਗੇਟ’ ਕਬਰਸਤਾਨ ਦੀ ਉਸ ਹੀ ਕਬਰ ਵਿਚ ਦਫ਼ਨਾ ਦਿੱਤਾ ਗਿਆ ਜਿੱਥੇ ਆਪਣਾ ਸਾਰਾ ਜੀਵਨ ਮਾਰਸਕ ਨੂੰ ਸਮਰਪਿਤ ਕਰ ਦੇਣ ਵਾਲੀ ਤੇ ਇਕ ਸੱਚੇ ਦੋਸਤ ਦੀ ਤਰ੍ਹਾਂ ਹਰ ਮੁਸ਼ਕਲ ਵਿਚ ਉਸਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੀ ਉਸਦੀ ਜੀਵਨ ਸਾਥਣ ਜੈਨੀ ਨੂੰ ਦਫ਼ਨਾ ਆ ਗਿਆ ਸੀ। ਉਹ ਜੀਵਨ ਭਰ ਇਕੱਠੇ ਰਹੇ, ਇਕੱਠੇ ਹੀ ਹਰ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹੇ। ਉਹ ਕਦੇ ਵੀ ਇਕ ਦੂਜੇ ਤੋਂ ਵੱਖ ਨਹੀਂ ਸਨ ਹੋਏ ਅੰਤ ਮੌਤ ਪਿਛੋਂ ਵੀ ਇਕੋ ਹੀ ਕਬਰ ਵਿਚ ਸਦਾ ਸਦਾ ਲਈ ਲੇਟ ਗਏ।