ਜਲੰਧਰ, 1 ਜਨਵਰੀ | ਆਦਮਪੁਰ ਦੇ ਪਿੰਡ ਡਰੋਲੀ ਖੁਰਦ ਵਿਖੇ ਕਰਜੇ ਤੋਂ ਤੰਗ ਆ ਕੇ ਇਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਫਾਹਾ ਲੈ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿਚ ਮਨਮੋਹਨ ਸਿੰਘ ਪੁੱਤਰ ਆਤਮਾ ਸਿੰਘ (55) ਉਸਦੀ ਪਤਨੀ ਸਰਬਜੀਤ ਕੌਰ, ਉਸ ਦੀਆਂ 2 ਲਡ਼ਕੀਆਂ ਜੋਤੀ (32) ਅਤੇ ਗੋਪੀ (31), ਜੋਤੀ ਦੀ ਲੜਕੀ ਅਮਨ (3) ਸ਼ਾਮਿਲ ਹਨ। ਮ੍ਰਿਤਕ ਮਨਮੋਹਨ ਸਿੰਘ ਦੇ ਜਵਾਈ ਸਰਬਜੀਤ ਸਿੰਘ ਵਾਸੀ ਫੁਗਲਾਨਾ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਫੋਨ ਕਰਦਾ ਸੀ ਪਰ ਕੋਈ ਵੀ ਫੋਨ ਨਹੀਂ ਚੁੱਕ ਰਿਹਾ ਸੀ। ਜਿਸ ਕਾਰਨ ਉਸ ਨੇ ਪਿੰਡ ਡਰੋਲੀ ਖੁਰਦ ਆ ਕੇ ਦੇਖਿਆ ਤਾਂ ਮਨਮੋਹਨ ਅਤੇ ਸਰਬਜੀਤ ਕੌਰ ਦੀਆਂ ਲਾਸ਼ਾਂ ਪੱਖਿਆਂ ਨਾਲ ਲਮਕ ਰਹੀਆਂ ਸਨ ਤੇ ਬਾਕੀ ਮ੍ਰਿਤਕਾਂ ਦੀਆਂ ਲਾਸ਼ਾਂ ਮੰਜੇ’ਤੇ ਪਈਆਂ ਸਨ।
ਮਨਮੋਹਨ ਸਿੰਘ ਆਦਮਪੁਰ ਡਾਕਖਾਨੇ ਵਿਚ ਇੰਚਾਰਜ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਥਾਣਾ ਮੁਖੀ ਮਨਜੀਤ ਸਿੰਘ ਤੇ ਰਾਤ 8:20 ਵਜੇ ਡੀਐਸਪੀ ਆਦਮਪੁਰ ਵਿਜੇ ਕੁੰਵਰ ਸਿੰਘ ਮੌਕੇ’ਤੇ ਪਹੁੰਚ ਘਟਨਾ ਦੀ ਜ਼ਾਂਚ ਸ਼ੁਰੂ ਕੀਤੀ। ਮੌਕੇ ਤੋਂ ਮਿਲੇ ਸੁਸਾਇਡ ਨੋਟ ਵੀ ਮਿਲਿਆ ਹੈ। ਜਿਸ ਵਿਚ ਮਨਮੋਹਨ ਸਿੰਘ ਨੇ ਲਿੱਖਿਆ ਹੈ ਕਿ ਉਸ ਨੇ ਆਰਥਿਕ ਤੰਗੀ ਕਾਰਨ ਕਰਜਾਂ ਲਿਆ ਸੀ ਤੇ ਉਸ ਦਾ ਪਤਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਗਿਆ ਸੀ। ਜਿਸ ਕਾਰਨ ਘਰ ਵਿਚ ਵਿਵਾਦ ਰਹਿੰਦਾ ਸੀ। ਜਿਸ ਕਾਰਨ ਘਰੇਲੂ ਵਿਵਾਦ ਤੇ ਕਰਜੇ ਤੋਂ ਤੰਗ ਆ ਕੇ ਉਹ ਕਦਮ ਚੁੱਕ ਰਿਹਾ ਹੈ। ਪੁਲੀਸ ਨੇ ਲਾਸ਼ਾਂ ਨੂੰ ਕਬਜੇ ਵਿਚ ਲੈ ਲਿਆ ਹੈ ਤੇ ਜਲੰਧਰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੇ ਗੱਲੇ ਵਿਚ ਨਿਸ਼ਾਨ ਹਨ। ਜਿਸ ਤੋਂ ਲੱਗ ਰਿਹਾ ਹੈ ਕਿ ਸਾਰਿਆਂ ਦੀ ਮੌਤ ਫਾਹਾ ਲੈਣ ਕਰਕੇ ਹੋਈ ਹੈ। ਜੱਦ ਉਨ੍ਹਾਂ ਨੂੰ ਤਿੰਨ ਸਾਲਾਂ ਬੱਚੀ ਦੀ ਮੌਤ ਬਾਰੇ ਪੁਿੱਛਆ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਗੱਲੇ ਵਿਚ ਵੀ ਨਿਸ਼ਾਨ ਹਨ ਤੇ ਹੋ ਸਕਦਾ ਹੈ ਕਿ ਕਿਸੇ ਨੇ ਉਸ ਨੂੰ ਵੀ ਫਾਹਾ ਦੇ ਦਿੱਤਾ ਹੋਵੇ।