ਚੋਣ ਕਮਿਸ਼ਨ ਨੇ ਤਰਨਤਾਰਨ ਦੇ DC ਦੇ ਤਬਾਦਲੇ ਦੇ ਦਿੱਤੇ ਹੁਕਮ, 3 ਦਿਨ ਪਹਿਲਾਂ ਹੀ ਸੰਭਾਲਿਆ ਸੀ ਅਹੁਦਾ

0
627

ਤਰਨਤਾਰਨ, 28 ਸਤੰਬਰ | ਪੰਜਾਬ ਵਿਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੂਬਾ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਹੁਕਮ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਜਾਰੀ ਕੀਤੇ ਹਨ। ਚੋਣ ਕਮਿਸ਼ਨ ਨੇ ਸਰਕਾਰ ਨੂੰ ਲਿਖਤੀ ਹਦਾਇਤਾਂ ਭੇਜ ਦਿੱਤੀਆਂ ਹਨ। ਗੁਲਪ੍ਰੀਤ ਸਿੰਘ ਔਲਖ 2015 ਬੈਚ ਦੇ ਆਈਏਐਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵਜੋਂ ਕੰਮ ਕਰ ਰਹੇ ਸਨ।

ਦੱਸ ਦੇਈਏ ਕਿ ਗੁਲਪ੍ਰੀਤ ਸਿੰਘ ਔਲਖ ਨੇ 3 ਦਿਨ ਪਹਿਲਾਂ ਹੀ ਤਰਨਤਾਰਨ ਦੇ ਡੀਸੀ ਵਜੋਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਆਈਏਐਸ ਅਧਿਕਾਰੀ ‘ਤੇ ਜ਼ਿਲ੍ਹੇ ਦੀ ਇੱਕ ਵਿਸ਼ੇਸ਼ ਪੰਚਾਇਤ ਵਿਚ ਰਾਖਵੇਂਕਰਨ ਦੇ ਬਦਲਾਅ ਨੂੰ ਮਨਜ਼ੂਰੀ ਦੇਣ ਦਾ ਦੋਸ਼ ਹੈ। ਇਸ ਕਾਰਨ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਔਲਖ ਨੇ ਸੰਦੀਪ ਕੁਮਾਰ ਦੀ ਥਾਂ ਲਈ ਹੈ।

ਸੂਬਾ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕੀਤੇ ਗਏ ਫੇਰਬਦਲ ਦੌਰਾਨ ਔਲਖ ਨੂੰ ਅੰਮ੍ਰਿਤਸਰ ਨਗਰ ਨਿਗਮ ਤੋਂ ਤਰਨਤਾਰਨ ਤਬਦੀਲ ਕਰ ਦਿੱਤਾ ਗਿਆ ਸੀ। ਬੀਤੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਪਹੁੰਚਣ ‘ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ |