ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਬੈੱਡ ‘ਤੇ ਹੋਈ ਔਰਤ ਦੀ ਡਲਿਵਰੀ, ਸਟਾਫ ਦੇ ਮਨ੍ਹਾ ਕਰਨ ‘ਤੇ ਪਰਿਵਾਰਕ ਔਰਤਾਂ ਨੇ ਖੁਦ ਕਰਵਾਈ

0
1120

ਫਾਜ਼ਿਲਕਾ | ਜ਼ਿਲਾ ਸਰਕਾਰੀ ਹਸਪਤਾਲ ‘ਚ ਬੈੱਡ ‘ਤੇ ਜਣੇਪੇ ਦਾ ਮਾਮਲਾ ਸਾਹਮਣੇ ਆਇਆ ਹੈ। ਗਰਭਵਤੀ ਔਰਤ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਸਟਾਫ ‘ਤੇ ਲਾਪਰਵਾਹੀ ਅਤੇ ਸੁਣਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਗਰਭਵਤੀ ਔਰਤ ਦੇ ਪਰਿਵਾਰ ਦੀਆਂ ਔਰਤਾਂ ਨੇ ਬੈੱਡ ‘ਤੇ ਹੀ ਡਲਿਵਰੀ ਕਰਵਾਈ।

ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ। ਡਲਿਵਰੀ ਤੋਂ ਬਾਅਦ ਮਾਂ ਅਤੇ ਬੱਚਾ ਬਿਲਕੁਲ ਸੁਰੱਖਿਅਤ ਹਨ। ਪਰਿਵਾਰ ਨੇ ਲਾਪਰਵਾਹੀ ਵਰਤਣ ਵਾਲੇ ਸਟਾਫ਼ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਹਸਪਤਾਲ ਦੇ ਐਸਐਮਓ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ।

ਪੀੜਤ ਔਰਤ ਕੋਇਲ ਅਤੇ ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਔਰਤ ਜਣੇਪੇ ਦੇ ਦਰਦ ਤੋਂ ਪੀੜਤ ਸੀ। ਉਹ ਵਾਰ-ਵਾਰ ਹਸਪਤਾਲ ਦੇ ਸਟਾਫ ਨੂੰ ਆਪਣੀ ਡਲਿਵਰੀ ਕਰਵਾਉਣ ਲਈ ਕਹਿ ਰਰੇ ਸੀ ਪਰ ਹਸਪਤਾਲ ਦੇ ਸਟਾਫ਼ ਨੇ ਉਸ ਦੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ ਅਤੇ ਔਰਤ ਨੂੰ ਮੁੜਨ ਲਈ ਕਿਹਾ ਪਰ ਗਰਭਵਤੀ ਔਰਤ ਦਾ ਦਰਦ ਵਧਦਾ ਜਾ ਰਿਹਾ ਸੀ। ਇਸ ਦੇ ਬਾਵਜੂਦ ਕਿਸੇ ਵੀ ਸਟਾਫ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ।

ਜਿਸ ਤੋਂ ਬਾਅਦ ਉਹ ਹਸਪਤਾਲ ਦੇ ਬੈੱਡ ‘ਤੇ ਹੀ ਲੇਟ ਗਈ। ਜਿੱਥੇ ਬੱਚੇ ਦੀ ਡਲਿਵਰੀ ਸ਼ੁਰੂ ਹੋ ਗਈ। ਜਿਸ ‘ਤੇ ਸਟਾਫ ਨੂੰ ਬੁਲਾਇਆ ਗਿਆ ਪਰ ਫਿਰ ਵੀ ਸਟਾਫ਼ ਨਹੀਂ ਆਇਆ। ਪਰਿਵਾਰ ਨੇ ਦੱਸਿਆ ਕਿ ਆਸ਼ਾ ਵਰਕਰ ਨੇ ਸਟਾਫ ਨੂੰ ਵੀ ਬੇਨਤੀ ਕੀਤੀ ਸੀ ਪਰ ਫਿਰ ਵੀ ਉਸ ਦੀ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਪਰਿਵਾਰ ਨੇ ਗਰਭਵਤੀ ਔਰਤ ਦੀ ਡਲਿਵਰੀ ਕਰਵਾ ਦਿੱਤੀ।

ਇਸ ਦੇ ਨਾਲ ਹੀ ਇਸ ਮਾਮਲੇ ਸਬੰਧੀ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਡਾਕਟਰ ਰੋਹਿਤ ਗੋਇਲ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ। ਦੋਸ਼ੀ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।