ਲੌਂਗੋਵਾਲ ਨੇ ਪੁਲਿਸ ਦੀ ਪੱਗ ਤੋਂ ਝਾਲਰ ਹਟਾਉਣ ਦੀ ਕੀਤੀ ਮੰਗ, ਕਿਹਾ – ਅੱਜ ਆਜ਼ਾਦ ਭਾਰਤ ‘ਚ ਇਸਦੀ ਕੋਈ ਲੋੜ ਨਹੀਂ

0
7362

ਅੰਮ੍ਰਿਤਸਰ . ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਬੀਤੀ ਦਿਨੀਂ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਦੀ ਦਸਤਾਰ ਵਿਚੋਂ ਝਾਲਰ ਨੂੰ ਹਟਾਇਆ ਜਾਵੇ, ਜੋ ਕਿ ਅੰਗਰੇਜਾਂ ਦੇ ਸਮੇਂ ਤੋਂ ਚੱਲ਼ਦੀ ਆ ਰਹੀ ਹੈ ।  SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੀ ਇਸ ਮੰਗ ਨੂੰ ਲੈ ਕੇ ਮੁੱਖ ਮੰਤਰੀ ਨੇ ਪੱਤਰ ਨੂੰ ਡੀ ਜੀ ਪੀ ਨੂੰ ਰੈਫਰ ਕਰ ਦਿੱਤਾ ਹੈ ਅਤੇ ਸੁਝਾਅ ਵੀ ਮੰਗਿਆ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਉਤੇ ਜਲਦ ਹੀ ਕੋਈ ਠੋਸ ਫੈਸਲਾ ਆਵੇਗਾ।

ਦੂਜੇ ਪਾਸੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ  ਮੁਖੀ 96 ਕਰੋੜੀ ਬਾਬਾ ਬਲਬੀਰ ਸਿੰਘ ਅਕਾਲੀ ਅਨੁਸਾਰ ਝਾਲਰ ਵਾਲੀ ਪੱਗ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਭਾਰਤੀਆਂ ਨੂੰ ਗ਼ੁਲਾਮ ਵਿਖਾਉਣ ਦਾ ਇਕ ਡਰੈਸ ਕੋਡ ਹੋਇਆ ਕਰਦੀ ਸੀ ਜਿਸ ਦੀ ਅੱਜ ਆਜ਼ਾਦ ਭਾਰਤ ਵਿਚ ਕੋਈ ਲੋੜ ਨਹੀਂ।

ਉਨ੍ਹਾਂ ਸਵਾਲ ਕੀਤਾ ਕਿ ਜੇ ਭਾਰਤੀ ਫ਼ੌਜ ਅਤੇ ਹੋਰ ਪੈਰਾਮਿਲਟਰੀ ਫ਼ੋਰਸਾਂ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵਿਚ ਸਿੱਖ ਮੁਲਾਜ਼ਮਾਂ ਨੂੰ ਸਾਧਾਰਣ ਪਗੜੀ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਕਿਉਂ ਨਹੀਂ?

ਬੁੱਢਾ ਦਲ ਮੁਖੀ ਨੇ ਕਿਹਾ ਕਿ ਸਾਨੂੰ ਉਦੋਂ ਤਕ ਸਿੱਖ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਚੱਕਣ ਦਾ ਕੋਈ ਹੱਕ ਨਹੀਂ ਜਦ ਤਕ ਅਸੀਂ ਅਪਣੇ ਸੂਬੇ ਦੇ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦੇ ਦਿੰਦੇ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਇਸ ਮਸਲੇ ‘ਤੇ ਭਰਾਤਰੀ ਸੋਚ ਵਾਲੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲਣਗੇ।

6 ਦਸੰਬਰ  2000 ਨੂੰ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰਾਂ ਨੇ ਇਕ ਮਤਾ ਨੰਬਰ 8 ਰਾਹੀਂ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਸਿਪਾਹੀ ਅਤੇ ਹੌਲਦਾਰ ਕਰਮਚਾਰੀਆਂ ਨੂੰ ਅੰਗਰੇਜ਼ੀ ਹਕੂਮਤ ਸਮੇਂ ਤੋਂ ਝਾਲਰ ਪੱਲੂ ਵਾਲੀ ਪਗੜੀ ਬੰਨ੍ਹਣ ਲਈ ਦਿਤੀ ਜਾਂਦੀ ਹੈ ਕਿਉਂਕਿ ਇਹ ਪਗੜੀ ਹਰ ਰੋਜ਼ ਨਹੀਂ ਬੰਨ੍ਹੀ ਜਾ ਸਕਦੀ, ਇਸ ਲਈ ਇਹ ਟੋਪੀ ਦਾ ਰੂਪ ਧਾਰਨ ਕਰ ਲੈਂਦੀ ਹੈ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਠੀਕ ਨਹੀਂ। ਇਸ ਲਈ ਪਗੜੀ ਦੀ ਜਗ੍ਹਾ ‘ਤੇ ਚੰਡੀਗੜ੍ਹ ਪੁਲਿਸ ਦੀ ਤਰ੍ਹਾਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਵੀ ਹਰ ਰੋਜ਼ ਬੰਨ੍ਹੀ ਜਾਣ ਵਾਲੀ ਪਗੜੀ ਦੀ ਪ੍ਰਵਾਨਗੀ ਦਿਤੀ ਜਾਵੇ ਤਾਕਿ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਸਿੱਖੀ ਸਰੂਪ ਵਾਲੀ ਦਸਤਾਰ ਬੰਨ੍ਹ ਸਕਣ।