ਦੋ ਭਰਾਵਾਂ ਵਲੋਂ ਦਰਿਆ ‘ਚ ਛਾਲ ਮਾਰਨ ਦਾ ਮਾਮਲਾ : ਫਰਾਰ SHO ਨਵਦੀਪ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ

0
386

ਚੰਡੀਗੜ੍ਹ, 17 ਅਕਤੂਬਰ। ਜਲੰਧਰ ਦੇ ਢਿੱਲੋਂ ਭਰਾਵਾਂ (ਮਾਨਵਜੀਤ ਅਤੇ ਜਸ਼ਨਬੀਰ) ਵਲੋਂ ਨਹਿਰ ਵਿਚ ਛਾਲ ਮਾਰਨ ਦੇ ਮਾਮਲੇ ਵਿਚ ਲੋੜੀਂਦੇ ਬਰਖ਼ਾਸਤ ਇੰਸਪੈਕਟਰ ਨਵਦੀਪ ਸਿੰਘ ਦੀ ਅਗਾਊਂ ਜ਼ਮਾਨਤ ’ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਅਦਾਲਤ ਨੇ ਫਰਾਰ ਐਸ.ਐਚ.ਓ. ਨਵਦੀਪ ਸਿੰਘ ਦੀ ਅਗਾਊਂ ਜ਼ਮਾਨਤ ਖਾਰਜ ਕਰ ਦਿਤੀ ਹੈ।

ਮਾਮਲੇ ਵਿਚ ਲੋੜੀਂਦੇ ਤਿੰਨ ਪੁਲਿਸ ਮੁਲਾਜ਼ਮ ਅਜੇ ਤਕ ਫਰਾਰ ਹਨ। ਗ੍ਰਿਫ਼ਤਾਰੀ ਤੋਂ ਬਚਣ ਲਈ ਬਰਖ਼ਾਸਤ ਇੰਸਪੈਕਟਰ ਨਵਦੀਪ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਵਲੋਂ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ।

ਬਿਆਸ ਦਰਿਆ ‘ਚ ਛਾਲ ਮਾਰਨ ਵਾਲੇ ਦੋ ਭਰਾਵਾਂ ‘ਚੋਂ ਜਸ਼ਨਬੀਰ ਦੀ ਲਾਸ਼ ਦਰਿਆ ਦੇ ਨਾਲ ਲੱਗਦੇ ਖੇਤਾਂ ‘ਚੋਂ ਪਾਣੀ ਘਟਣ ਤੋਂ ਬਾਅਦ ਮਿੱਟੀ ‘ਚ ਦੱਬੀ ਹੋਈ ਮਿਲੀ ਸੀ। ਮਾਮਲੇ ਵਿਚ ਕਾਰਵਾਈ ਕਰਦਿਆਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਖੁਦਕੁਸ਼ੀ ਮਾਮਲੇ ਵਿਚ ਆਈ.ਪੀ.ਸੀ. ਦੀ ਧਾਰਾ 306 ਤਹਿਤ ਕੇਸ ਦਰਜ ਹੁੰਦਿਆਂ ਹੀ ਇੰਸਪੈਕਟਰ ਨਵਦੀਪ ਸਿੰਘ ਨੂੰ ਬਰਖ਼ਾਸਤ ਕਰ ਦਿਤਾ ਸੀ। ਇਲਜ਼ਾਮ ਹਨ ਕਿ ਢਿੱਲੋਂ ਭਰਾਵਾਂ ਜਸ਼ਨਬੀਰ ਸਿੰਘ ਢਿੱਲੋਂ ਅਤੇ ਮਾਨਵਜੀਤ ਸਿੰਘ ਢਿੱਲੋਂ ਨੇ ਪੁਲਿਸ ਵਲੋਂ ਕੀਤੇ ਗਏ ਤਸ਼ੱਦਦ ਦੇ ਚਲਦਿਆਂ ਬਿਆਸ ਦਰਿਆ ਵਿਚ ਛਾਲ ਮਾਰ ਦਿਤੀ ਸੀ।

ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ਦਰਿਆ ‘ਚ ਛਾਲ ਮਾਰਨ ਵਾਲੇ ਜਸ਼ਨਬੀਰ ਦੀ ਲਾਸ਼ ਤਾਂ ਮਿਲ ਗਈ ਪਰ ਉਸ ਦੇ ਵੱਡੇ ਭਰਾ ਮਾਨਵਜੀਤ ਦਾ ਅਜੇ ਤਕ ਕੋਈ ਸੁਰਾਗ ਨਹੀਂ ਲੱਗਿਆ ਹੈ। ਦੋਵਾਂ ਭਰਾਵਾਂ ਦੇ ਪਿਤਾ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਘਟਨਾ ਤੋਂ ਕਈ ਦਿਨ ਬਾਅਦ ਮਾਨਵਜੀਤ ਦਾ ਮੋਬਾਈਲ ਫੋਨ ਕੁੱਝ ਪਲਾਂ ਲਈ ਸਵਿੱਚ ਆਨ ਹੋ ਗਿਆ। ਉਨ੍ਹਾਂ ਨੂੰ ਸ਼ੱਕ ਹੈ ਕਿ ਐਸ.ਐਚ.ਓ. ਨਵਦੀਪ ਸਿੰਘ ਅਪਰਾਧਕ ਮਾਨਸਿਕਤਾ ਵਾਲਾ ਵਿਅਕਤੀ ਹੈ ਅਤੇ ਉਸ ਨੇ ਉਸ ਦੇ ਲੜਕੇ ਦੀ ਦੇਹ ਨੂੰ ਖੁਰਦ-ਬੁਰਦ ਕੀਤਾ ਹੈ।