ਇਸਲਾਮਾਬਾਦ, 9 ਨਵੰਬਰ | ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਸਵੇਰੇ ਹੋਏ ਧਮਾਕੇ ‘ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ। 50 ਤੋਂ ਵੱਧ ਜ਼ਖਮੀ ਹਨ। ਪਾਕਿਸਤਾਨੀ ਨਿਊਜ਼ ਵੈੱਬਸਾਈਟ ਟ੍ਰਿਬਿਊਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਜਾਫਰ ਐਕਸਪ੍ਰੈਸ ਦੇ ਪਲੇਟਫਾਰਮ ‘ਤੇ ਪਹੁੰਚਣ ਤੋਂ ਠੀਕ ਪਹਿਲਾਂ ਵਾਪਰਿਆ।
ਕਵੇਟਾ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੇਨ ਨੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣਾ ਸੀ। ਹਾਦਸੇ ਦੇ ਸਮੇਂ ਯਾਤਰੀ ਟਰੇਨ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਧਮਾਕੇ ਦੇ ਸਮੇਂ ਪਲੇਟਫਾਰਮ ‘ਤੇ 100 ਦੇ ਕਰੀਬ ਲੋਕ ਮੌਜੂਦ ਸਨ।
ਧਮਾਕਾ ਕਿਸ ਕਾਰਨ ਹੋਇਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਇਹ ਆਤਮਘਾਤੀ ਧਮਾਕਾ ਜਾਪਦਾ ਹੈ। ਹਾਲਾਂਕਿ ਮਾਮਲੇ ਦੀ ਜਾਂਚ ਜਾਰੀ ਹੈ ਪਰ ਅਜੇ ਕੁਝ ਵੀ ਪੁਸ਼ਟੀ ਕਰਨਾ ਜਲਦਬਾਜ਼ੀ ਹੋਵੇਗੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਅੱਤਵਾਦੀ ਸਮੂਹ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
ਪਾਕਿਸਤਾਨ ‘ਚ ਪਹਿਲਾਂ ਵੀ ਕਈ ਅਜਿਹੇ ਹਮਲਿਆਂ ਨੂੰ ਉਕਤ ਅੱਤਵਾਦੀ ਗਰੁੱਪ ਨੇ ਅੰਜਾਮ ਦਿੱਤਾ। ਨਵੰਬਰ ਦੇ ਸ਼ੁਰੂ ਵਿਚ ਪਾਕਿਸਤਾਨ ਵਿਚ ਵੀ ਵੱਡਾ ਧਮਾਕਾ ਹੋਇਆ ਸੀ। ਇਸ ਧਮਾਕੇ ‘ਚ 5 ਸਕੂਲੀ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 22 ਲੋਕ ਗੰਭੀਰ ਜ਼ਖਮੀ ਹੋ ਗਏ। ਰਿਪੋਰਟਾਂ ਮੁਤਾਬਕ ਧਮਾਕਾ ਰਿਮੋਟ ਦੀ ਮਦਦ ਨਾਲ ਕੀਤਾ ਗਿਆ।
ਇਸ ਤੋਂ ਪਹਿਲਾਂ ਅਕਤੂਬਰ ਵਿਚ ਹਮਲਾਵਰਾਂ ਨੇ ਬਲੋਚਿਸਤਾਨ ਦੇ ਡੱਕੀ ਜ਼ਿਲ੍ਹੇ ਵਿਚ ਇੱਕ ਛੋਟੀ ਪ੍ਰਾਈਵੇਟ ਕੋਲਾ ਖਾਨ ਵਿਚ 20 ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਅਗਸਤ ਵਿਚ ਬੀਐਲਏ ਦੇ ਵੱਖਵਾਦੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਪੁਲਿਸ ਸਟੇਸ਼ਨਾਂ, ਰੇਲਵੇ ਲਾਈਨਾਂ ਅਤੇ ਕਈ ਹਾਈਵੇ ਉੱਤੇ ਹਮਲੇ ਕੀਤੇ ਸਨ। ਇਸ ‘ਚ ਘੱਟੋ-ਘੱਟ 73 ਲੋਕਾਂ ਦੀ ਮੌਤ ਹੋ ਗਈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)