ਮੋਹਾਲੀ : ਏਅਰਪੋਰਟ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, ਟਿੱਪਰ ਦੀ ਟੱਕਰ ਨਾਲ ਐਕਟਿਵਾ ਸਵਾਰ ਪਤੀ-ਪਤਨੀ ਦੀ ਮੌਕੇ ‘ਤੇ ਮੌਤ

0
633

ਐਸ.ਏ.ਐਸ.ਨਗਰ। ਸਥਾਨਕ ਏਅਰਪੋਰਟ ਰੋਡ ‘ਤੇ ਕੁਆਰਕ ਲਾਈਟਾਂ ਨੇੜੇ ਅੱਜ ਦੁਪਹਿਰ 2 ਵਜੇ ਦੇ ਕਰੀਬ ਵਾਪਰੇ ਭਿਆਨਕ ਹਾਦਸੇ ਵਿੱਚ ਐਕਟਿਵਾ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸੈਕਟਰ 110 ਟੀ ਡੀ ਆਈ ਦੇ ਵਸਨੀਕ ਪਤੀ ਪਤਨੀ ਐਕਟਿਵਾ ਤੇ ਸਵਾਰ ਹੋ ਕੇ ਖਰੜ ਤੋਂ ਏਅਰਪੋਰਟ ਵੱਲ ਜਾ ਰਹੇ ਸਨ, ਜਦੋਂ ਉਹ ਏਅਰਪੋਰਟ ਰੋਡ ‘ਤੇ ਉਹ ਕੁਆਰਕ ਲਾਈਟਾਂ ਨੇੜੇ ਪਹੁੰਚੇ ਤਾਂ ਖਰੜ ਵਾਲੇ ਪਾਸੇ ਤੋਂ ਹੀ ਆ ਰਹੇ ਤੇਜ਼ ਰਫਤਾਰ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਐਕਟਿਵਾ ਸਵਾਰ ਪਤੀ ਪਤਨੀ ਦੀ ਮੌਕੇ ਉਤੇ ਮੌਤ ਹੋ ਗਈ।

ਉਦਯੋਗਿਕ ਖੇਤਰ ਦੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਖਰੜ ਵਾਲੇ ਪਾਸਿਓਂ ਆ ਰਿਹਾ ਟਿੱਪਰ ਬੇਕਾਬੂ ਹੋ ਗਿਆ ਸੀ, ਜਿਸ ਕਾਰਨ ਉਸ ਨੇ ਖਰੜ ਵਾਲੇ ਪਾਸੇ ਤੋਂ ਹੀ ਆ ਰਹੇ ਐਕਟਿਵਾ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਪਤੀ ਪਤਨੀ ਦੀ ਮੌਕੇ ‘ਤੇ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫੇਜ਼ 6 ਭੇਜ ਦਿਤਾ ਹੈ। ਪੁਲਿਸ ਨੇ ਐਕਟਿਵਾ ਅਤੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।