ਤਰਨਤਾਰਨ (ਬਲਜੀਤ ਸਿੰਘ) | ਤਰਨਤਾਰਨ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ।
ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਸਵੇਰੇ ਫੜਿਆ ਸੀ ਅਤੇ ਸ਼ਾਮ ਨੂੰ ਛੱਡ ਦਿੱਤਾ। ਥਾਣੇ ਤੋਂ ਵਾਪਿਸ ਆ ਕੇ ਤਸਕਰਾਂ ਨੇ ਗੁਆਂਢੀ ਮੁੰਡੇ ਦੇ ਘਰ ਆ ਕੇ ਝਗੜਣਾ ਸ਼ੁਰੂ ਕਰ ਦਿੱਤਾ। ਨਸ਼ਾ ਤਸਕਰਾਂ ਨੂੰ ਸ਼ੱਕ ਸੀ ਕਿ ਗੁਆਂਢੀ ਮੁੰਡੇ ਨੇ ਹੀ ਪੁਲਿਸ ਨੂੰ ਇਨ੍ਹਾਂ ਕੋਲ ਨਸ਼ਾ ਹੋਣ ਦੀ ਇਤਲਾਹ ਦਿੱਤੀ ਸੀ। ਝਗੜੇ ਦੌਰਾਨ ਨਸ਼ਾ ਤਸਕਰਾਂ ਨੇ ਗੋਲੀਆਂ ਚਲਾਈਆਂ ਜਿਸ ਦੌਰਾਨ ਗੁਆਂਢੀ ਦੇ ਘਰ ਆਏ ਪ੍ਰਹੁਣੇ ਦੀ ਮੌਤ ਹੋ ਗਈ।
ਪੀੜਤ ਮਨਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਗੁਆਂਢ ਵਿੱਚ ਹੀ ਰਹਿਣ ਵਾਲੇ ਮੰਗਾਂ ਅਤੇ ਭੋਲੂ ਨਾਂ ਦੇ ਮੁੰਡੇ ਨੂੰ ਭਿੱਖੀਵਿੰਡ ਪੁਲਿਸ ਦੇ ਏਐਸਆਈ ਜੱਸਾ ਸਿੰਘ ਨੇ ਸਮੈਕ ਸਣੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਸ਼ਾਮ ਨੂੰ ਹੀ ਦੋਹਾਂ ਨੌਜਵਾਨਾਂ ਨੂੰ ਛੱਡ ਦਿੱਤਾ।
ਥਾਣੇ ਤੋਂ ਛੁੱਟ ਕੇ ਆਏ ਨੌਜਵਾਨ ਉਸ ਦੇ ਪਤੀ ਗੁਰਪ੍ਰੀਤ ਸਿੰਘ ਨਾਲ ਝਗੜਣ ਲੱਗ ਪਏ। ਦੋਹਾਂ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਨੇ ਹੀ ਪੁਲਿਸ ਨੂੰ ਨਸ਼ੇ ਬਾਰੇ ਦੱਸਿਆ ਸੀ। ਇਸ ਤੋਂ ਬਾਅਦ ਮਾਹੌਲ ਲੋਕਾਂ ਨੇ ਸ਼ਾਂਤ ਕਰਵਾ ਦਿੱਤਾ। ਅਗਲੇ ਦਿਨ ਭੋਲੂ ਤੇ ਮੰਗਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਉਨ੍ਹਾਂ ਦੇ ਘਰ ਆਏ ਪ੍ਰਹੁਣੇ ਹਰਸਿਮਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਮੌਤ ਹੋ ਗਈ।
ਥਾਣਾ ਭਿੱਖੀਵਿੰਡ ਦੇ ਐੱਸਐੱਚਓ ਸਰਬਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਹਰਸਿਮਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦੋਧੀ ਥਾਣਾ ਝਬਾਲ ‘ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਜਲਦ ਹੀ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।