ਤਰਨਤਾਰਨ (ਬਲਜੀਤ ਸਿੰਘ) | ਥਾਣਾ ਵੈਰੋਵਾਲ ਦੇ ਪਿੰਡ ਨਾਗੋਕੇ ਵਿਖੇ 2 ਗੁੱਟਾਂ ‘ਚ ਹੋਏ ਝਗੜੇ ਦੌਰਾਨ ਗੋਲੀ ਲੱਗਣ ਨਾਲ 2 ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਲਖਬੀਰ ਸਿੰਘ (54) ਤੇ ਅੰਮ੍ਰਿਤਪਾਲ ਸਿੰਘ (26) ਵਜੋਂ ਹੋਈ, ਜੋ ਰਿਸ਼ਤੇ ‘ਚ ਚਾਚਾ-ਭਤੀਜਾ ਲੱਗਦੇ ਸਨ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਪਿੰਡ ਦੇ ਹੀ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ, ਜੋ ਕੁਝ ਸਮੇਂ ਬਾਅਦ ਝਗੜੇ ਦਾ ਰੂਪ ਧਾਰ ਗਈ। ਨੌਜਵਾਨਾਂ ਦੇ ਇਕ ਧੜੇ ਨੇ ਲਖਬੀਰ ਤੇ ਅੰਮ੍ਰਿਤਪਾਲ ਦੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।
ਐੱਸਐੱਚਓ ਵਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਜਾਂਚ ਕੀਤੀ ਜਾਵੇਗੀ।