ਤਰਨਤਾਰਨ। ਇੱਕ ਹੋਰ ਬੰਦੇ ਦਾ ਲਗਜ਼ਰੀ ਗੱਡੀ ਵਿੱਚ ਸਰਕਾਰੀ ਡਿਪੂ ‘ਤੇ ਕਣਕ ਲੈਣ ਆਏ ਦਾ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਤਰਨਤਾਰਨ ਸ਼ਹਿਰ ਦੀ ਹੈ। ਇਸ ਵੀਡੀਓ ‘ਚ ਨਜ਼ਰ ਆ ਰਿਹਾ ਵਿਅਕਤੀ ਖਡੂਰ ਸਾਹਿਬ ਦੇ ਪਿੰਡ ਧੂੰਦਾ ਦਾ ਪੰਚਾਇਤ ਮੈਂਬਰ ਜਗਜੀਤ ਸਿੰਘ ਉਰਫ ਜੱਗਾ ਹੈ। ਪੰਜਾਬ ਵਿੱਚ ਇਹ ਦੂਜਾ ਮਾਮਲਾ ਹੈ, ਜਦੋਂ ਇੱਕ ਅਮੀਰ ਵਿਅਕਤੀ ਦਾ ਸਰਕਾਰੀ ਕਣਕ ਲੈ ਕੇ ਜਾਣ ਦਾ ਵੀਡੀਓ ਵਾਇਰਲ ਹੋਇਆ ਹੈ।
ਪੰਚਾਇਤ ਮੈਂਬਰ ਜਗਜੀਤ ਸਿੰਘ ਉਰਫ਼ ਜੱਗਾ ਕਰੀਬ 8 ਲੱਖ ਰੁਪਏ ਦੀ ਕੀਮਤ ਦੀ ਆਪਣੀ ਟੋਇਟਾ ਕਾਰ ਵਿੱਚ ਰਾਸ਼ਨ ਲੈਣ ਡਿਪੂ ’ਤੇ ਪਹੁੰਚਿਆ। ਅਜੇ ਟਰਾਲੀ ਅਨਾਜ ਦੀਆਂ ਬੋਰੀਆਂ ਲੈ ਕੇ ਆਈ ਹੀ ਸੀ ਕਿ ਜੱਗੇ ਨੇ ਤੁਰੰਤ ਕੁਝ ਬੋਰੀਆਂ ਚੁੱਕ ਕੇ ਆਪਣੀ ਕਾਰ ਦੀ ਡਿੱਗੀ ਵਿੱਚ ਭਰ ਦਿੱਤੀਆਂ। ਉੱਥੇ ਖੜ੍ਹੇ ਲੋਕਾਂ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਜਗਜੀਤ ਸਿੰਘ ਜੱਗਾ ਖਡੂਰ ਸਾਹਿਬ ਦੇ ਪਿੰਡ ਧੂੰਦਾ ਦੇ ਪੰਚਾਇਤ ਮੈਂਬਰ ਹਨ। ਜੱਗਾ ਦਾ ਕਹਿਣਾ ਹੈ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ ਹੈ। ਅਮੀਰ ਲੋਕ ਵੀ ਕਣਕ ਲੈ ਲੈਂਦੇ ਨੇ ਉਹ ਸਾਰਿਆਂ ਦੀ ਪੋਲ ਖੋਲ੍ਹ ਦੇਵੇਗਾ।
ਇਸ ਤੋਂ ਪਹਿਲਾਂ ਪੰਜਾਬ ਦੇ ਹੁਸ਼ਿਆਰਪੁਰ ‘ਚ ਵੀ ਇਕ ਮਾਮਲਾ ਸਾਹਮਣੇ ਆਇਆ ਸੀ, ਜਿਸ ‘ਚ ਇਕ ਵਿਅਕਤੀ ਮਰਸਡੀਜ਼ ਕਾਰ ਲੈ ਕੇ 2 ਰੁਪਏ ਕਿਲੋ ਦੀ ਸਰਕਾਰੀ ਕਣਕ ਲੈਣ ਪਹੁੰਚਿਆ ਸੀ। ਉਸ ਤੋਂ ਬਾਅਦ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਜਾਂਚ ਦੇ ਹੁਕਮ ਦਿੱਤੇ ਸਨ।