ਟਾਂਡਾ ਉੜਮੁੜ : ਆਸਟ੍ਰੇਲੀਆ ਤੋਂ ਪਰਤੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

0
1114

ਟਾਂਡਾ ਉੜਮੁੜ| ਸੜਕ ਹਾਦਸੇ ਨੇ ਇਕ ਹੋਰ ਘਰ ਦੇ ਚਿਰਾਗ ਨੂੰ ਬੁਝਾ ਦਿੱਤਾ। ਟਾਂਡਾ ਹੁਸ਼ਿਆਰਪੁਰ ਰੋਡ ‘ਤੇ ਬੀਤੀ ਰਾਤ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਪ੍ਰਵਾਸੀ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਲਸ਼ਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਨੇੜੇ ਪੁਰਾਣਾ ਡਾਕਘਰ ਉੜਮੁੜ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਗੁਲਸ਼ਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਕੁਝ ਦਿਨ ਪਹਿਲਾਂ ਹੀ ਉਹ ਆਸਟ੍ਰੇਲੀਆ ਤੋਂ ਵਾਪਸ ਭਾਰਤ ਪਰਤਿਆ ਸੀ। ਉਸ ਕੋਲ ਆਸਟ੍ਰੇਲੀਆ ਦੀ ਪੀ.ਆਰ. ਵੀ ਸੀ। ਟਾਂਡਾ ਪੁਲਿਸ ਨੇ ਮ੍ਰਿਤਕ ਦੇ ਪਿਓ ਦੇ ਬਿਆਨਾਂ ਦੇ ਆਧਾਰ ‘ਤੇ 174 ਤਹਿਤ ਕਾਰਵਾਈ ਕੀਤੀ ਹੈ।

ਮ੍ਰਿਤਕ ਗੁਲਸ਼ਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੀਤੀ ਰਾਤ ਆਪਣੀ ਕਾਰ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ ਕਿ ਲਗਭਗ ਸਾਢੇ 9 ਵਜੇ ਜਦੋਂ ਉਹ ਹੰਬੜਾਂ ਪਿੰਡ ਬਾਬਾ ਦੇ ਢਾਬੇ ਕੋਲ ਪਹੁੰਚਿਆ ਤਾਂ ਇਕ ਆਵਾਰਾ ਗਾਂ ਉਸ ਦੀ ਕਾਰ ਦੇ ਸਾਹਮਣੇ ਆ ਗਈ। ਇਸ ਤੋਂ ਬਚਣ ਦੇ ਚੱਕਰ ਵਿਚ ਕਾਰ ਬੇਕਾਬੂ ਹੋ ਗਈ ਤੇ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਤੇ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿਚ ਗੁਲਸ਼ਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।