ਪੈਸਿਆਂ ਦੀ ਧੋਖਾਧੜੀ ਮਾਮਲੇ ‘ਚ ਬਾਬਾ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਖਿਲਾਫ ਸੰਮਨ ਹੋਏ ਜਾਰੀ

0
1427

ਦਿੱਲੀ | ਬਿਹਾਰ ‘ਚ ਯੋਗਗੁਰੂ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਖਿਲਾਫ ਧੋਖਾਧੜੀ ਦੇ ਮਾਮਲੇ ‘ਚ ਸੰਮਨ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੇਗੂਸਰਾਏ ਜ਼ਿਲ੍ਹਾ ਅਦਾਲਤ ਦੀ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਸ਼ਿਕਾਇਤਕਰਤਾ ਮਹਿੰਦਰ ਸ਼ਰਮਾ ਵਾਸੀ ਨਿੰਗਾ, ਬਰੌਨੀ ਥਾਣੇ ਦੇ ਸ਼ਿਕਾਇਤ ਪੱਤਰ ‘ਤੇ ਸੁਣਵਾਈ ਕੀਤੀ ਤੇ ਯੋਗਗੁਰੂ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਖਿਲਾਫ ਧਾਰਾ 420 ਅਤੇ 417 ਤਹਿਤ ਸੰਮਨ ਜਾਰੀ ਕਰਨ ਦਾ ਹੁਕਮ ਦਿੱਤਾ ਹੈ।

ਮਹਿੰਦਰ ਸ਼ਰਮਾ ਨੇ ਯੋਗਗੁਰੂ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ‘ਤੇ ਦੋਸ਼ ਲਾਇਆ ਸੀ ਕਿ ਉਸ ਨੇ ਇਲਾਜ ਲਈ ਪਤੰਜਲੀ ਆਯੂਰਵੇਦ ਪ੍ਰਾਈਵੇਟ ਲਿਮਟਿਡ ਮਹਾਰਿਸ਼ੀ ਕਾਟੇਜ ਯੋਗ ਗ੍ਰਾਮ ਝੁੱਲਾ ‘ਚ ਕੁੱਲ 90,000 ਰੁਪਏ ਜਮ੍ਹਾ ਕਰਵਾਏ ਸਨ। ਉਸ ਨੇ ਆਪਣੇ ਪੁੱਤਰ ਨਰਿੰਦਰ ਕੁਮਾਰ ਦੇ ਬੈਂਕ ਖਾਤੇ ਵਿਚੋਂ ਪੈਸੇ ਟਰਾਂਸਫਰ ਕੀਤੇ ਸਨ। ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਸ਼ਿਕਾਇਤਕਰਤਾ ਆਪਣੇ ਲੜਕੇ ਅਤੇ ਪਤਨੀ ਨਾਲ ਪਤੰਜਲੀ ਵੱਲੋਂ ਦਿੱਤੀ ਗਈ ਤਰੀਕ ਅਤੇ ਸਮੇਂ ‘ਤੇ ਆਪਣਾ ਇਲਾਜ ਕਰਵਾਉਣ ਲਈ ਉਥੇ ਚਲਾ ਗਿਆ ਪਰ ਉਥੇ ਉਸ ਨੂੰ ਕਿਹਾ ਗਿਆ ਕਿ ਤੁਹਾਡੇ ਪੈਸੇ ਜਮ੍ਹਾ ਨਹੀਂ ਹੋਏ ਹਨ।

ਜਾਣਕਾਰੀ ਅਨੁਸਾਰ ਅਦਾਲਤ ਨੇ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ 12 ਜਨਵਰੀ ਤੱਕ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਦਰਅਸਲ, 18 ਜੂਨ 2022 ਨੂੰ ਬਰੌਨੀ ਥਾਣਾ ਖੇਤਰ ਦੇ ਨਿੰਗਾ ਪਿੰਡ ਦੇ ਰਹਿਣ ਵਾਲੇ ਮਹਿੰਦਰ ਸ਼ਰਮਾ ਨੇ ਸੀਜੀਐਮ ਕੋਰਟ ਵਿਚ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਪੈਸੇ ਲੈ ਕੇ ਵੀ ਉਸ ਦਾ ਇਲਾਜ ਨਹੀਂ ਕੀਤਾ ਗਿਆ।

ਸ਼ਿਕਾਇਤਕਰਤਾ ਅਨੁਸਾਰ ਪਤੰਜਲੀ ਨੇ ਧੋਖੇ ਨਾਲ ਸ਼ਿਕਾਇਤਕਰਤਾ ਦੇ ਜਮ੍ਹਾ ਪੈਸੇ ਆਪਣੇ ਕੋਲ ਰੱਖ ਲਏ। ਉਸ ਵੱਲੋਂ ਦਿੱਤੇ ਬਿਆਨਾਂ ਅਤੇ ਗਵਾਹਾਂ ਵੱਲੋਂ ਦਿੱਤੇ ਬਿਆਨਾਂ ਤੋਂ ਬਾਅਦ ਅਦਾਲਤ ਨੇ ਯੋਗਗੁਰੂ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਵਿਰੁੱਧ ਸਬੂਤਾਂ ਦਾ ਨੋਟਿਸ ਲੈਂਦਿਆਂ ਦੋਵਾਂ ਮੁਲਜ਼ਮਾਂ ਨੂੰ 12 ਜਨਵਰੀ 2023 ਤੱਕ ਅਦਾਲਤ ਵਿਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ।