ਬਿਜਲੀ ਖ਼ਰੀਦ ਸਮਝੌਤਿਆਂ ਦਾ ਸਮੁੱਚਾ ਖਰੜਾ ਮਨਮੋਹਨ ਸਿੰਘ ਸਰਕਾਰ ਨੇ ਤਿਆਰ ਕੀਤਾ ਸੀ : ਸੁਖਬੀਰ ਬਾਦਲ
ਚੰਡੀਗੜ . ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਦੀ ਚੁਣੌਤੀ ਦਿੱਤੀ ਹੈ। ਚੁਣੌਤੀ ਦਿੰਦਿਆਂ ਬਾਦਲ ਨੇ ਕਿਹਾ ਕਿ ਇਹਨਾਂ ਸਮਝੌਤਿਆਂ ਦਾ ਖਰੜਾ ਡਾਕਟਰ ਮਨਮੋਹਨ ਸਿੰਘ ਸਰਕਾਰ ਵਲੋਂ ਤਿਆਰ ਕੀਤਾ ਗਿਆ ਸੀ, ਜੇਕਰ ਉਹਨਾਂ ਨੂੰ ਇਸ ਸਮਝੌਤੇ ‘ਚ ਕੋਈ ਗੜਬੜ ਲਗਦੀ ਹੈ ਤਾਂ ਉਹ ਇਸਨੂੰ ਰੱਦ ਕਰਨ।
ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ‘ਤੇ ਇਲਜ਼ਾਮ ਲਗਾਇਆ ਕਿ ਲਾਇਆ ਹੈ ਕਿ ਕਾਂਗਰਸ ਨੇ ਰਿਸ਼ਵਤ ਲੈ ਕੇ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ ਅਤੇ ਇਸ ਨੇ ਜਾਣਬੁੱਝ ਕੇ ਕੋਲੇ ਦੀ ਧੁਆਈ ਨਾਲ ਜੁੜੇ 2500 ਕਰੋੜ ਰੁਪਏ ਦੇ ਮਾਮਲੇ ਅਤੇ 1602 ਕਰੋੜ ਰੁਪਏ ਦੇ ਟ੍ਰਿਬਿਊਨਲ ਐਵਾਰਡ ਦੇ ਮਾਮਲੇ ਦੀ ਅਦਾਲਤ ‘ਚ ਢਿੱਲੀ ਪੈਰਵੀ ਕੀਤੀ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਉਹਨਾਂ ਕਿਹਾ ਕਿ ਅਕਾਲੀ ਦਲ ਲਈ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਸਭ ਤੋਂ ਉੱਪਰ ਹਨ, ਮਨਮੋਹਨ ਸਿੰਘ ਦੀ ਅਗਵਾਈ ਹੇਠ ਤਿਆਰ ਹੋਏ ਬਿਜਲੀ ਖ਼ਰੀਦ ਸਮਝੌਤਿਆਂ ਦੇ ਸਮੁੱਚੇ ਖਰੜੇ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਤਰਾਂ ਅਕਾਲੀ ਦਲ ਨੇ ਕੋਲੇ ਦੀ ਧੁਆਈ ਦੇ ਰੂਪ ‘ਚ ਨਿੱਜੀ ਥਰਮਲ ਪਲਾਂਟ ਮੈਨੇਜਮੈਂਟਾਂ ਨੂੰ ਦਿੱਤੇ ਜਾ ਚੁੱਕੇ 1400 ਕਰੋੜ ਰੁਪਏ ਦੇ ਲਾਭ ਅਤੇ 1100 ਕਰੋੜ ਰੁਪਏ ਦੇ ਹੋਰ ਦਿੱਤੇ ਜਾਣ ਵਾਲੇ ਲਾਭ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।