HC ’ਚ ਜੱਜਾਂ ਦੀ ਨਿਯੁਕਤੀ ’ਤੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ, ਕਿਹਾ- ਕੋਈ ਸਿੱਖ ਜੱਜ ਕਿਉਂ ਨਹੀਂ?

0
1768

ਚੰਡੀਗੜ੍ਹ । ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਨਵੇਂ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਇਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਹੈ। ਹਾਈਕੋਰਟ ਵਿਚ 11 ਨਵੇਂ ਜੱਜ ਨਿਯੁਕਤ ਕੀਤੇ ਗਏ ਹਨ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਨਿਯੁਕਤੀ ਪੱਤਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ 11 ਜੱਜਾਂ ਵਿਚੋਂ ਇਕ ਵੀ ਸਿੱਖ ਜੱਜ ਨਹੀਂ ਹੈ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ 80% ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਆਜ਼ਾਦੀ ਦਿਹਾੜੇ ‘ਤੇ ਕਿਹੋ ਜਿਹਾ ਤੋਹਫ਼ਾ ਦਿੱਤਾ ਗਿਆ ਹੈ?

ਉਨ੍ਹਾਂ ਟਵੀਟ ਕੀਤਾ, “ਆਜ਼ਾਦੀ ਸੰਘਰਸ਼ ਵਿਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਪਰ ਕਿੰਨੀ ਦੁਖਦਾਈ ਗੱਲ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਨਿਯੁਕਤ ਕੀਤੇ ਗਏ 11 ਨਵੇਂ ਜੱਜਾਂ ਵਿਚ ਇਕ ਵੀ ਸਿੱਖ ਨਹੀਂ ਹੈ”। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੱਲ ਰਹੇ ਜ਼ਿਆਦਾਤਰ ਕੇਸ ਸਿੱਖ ਕੌਮ ਨਾਲ ਸਬੰਧਤ ਹਨ। ਇਸ ਦੇ ਬਾਵਜੂਦ ਅਜਿਹਾ ਫੈਸਲਾ ਲਿਆ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਗੈਰ-ਸਿੱਖ ਜੱਜਾਂ ਦੀ ਨਿਯੁਕਤੀ ਨਾਲ ਸਿੱਖਾਂ ਨੂੰ ਹੀ ਨੁਕਸਾਨ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਵਿਚ ਦਖ਼ਲ ਦੇ ਕੇ ਇਸ ਬੇਇਨਸਾਫ਼ੀ ਨੂੰ ਵਾਪਸ ਲੈਣਾ ਚਾਹੀਦਾ ਹੈ।
ਪੰਜਾਬ ਹਰਿਆਣਾ ਹਾਈਕੋਰਟ ਵਿਚ 11 ਜੱਜਾਂ ਦੀ ਨਿਯੁਕਤੀ ਕੀਤੀ ਗਈ ਸੀ।

ਇਨ੍ਹਾਂ ਵਿਚ ਨਿਧੀ ਗੁਪਤਾ, ਸੰਜੇ ਵਸ਼ਿਸ਼ਟ, ਤ੍ਰਿਭੁਵਨ ਦਹੀਆ, ਨਮਿਤ ਕੁਮਾਰ, ਹਰਕੇਸ਼ ਮਨੂਜਾ, ਅਮਨ ਚੌਧਰੀ, ਨਰੇਸ਼ ਸਿੰਘ, ਹਰਸ਼, ਜਗਮੋਹਨ ਬਾਂਸਲ, ਦੀਪਕ ਮਨਚੰਦਾ ਅਤੇ ਆਲੋਕ ਜੈਨ ਸ਼ਾਮਲ ਹਨ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਸੁਪਰੀਮ ਕੋਰਟ ਵਿਚ ਸਿੱਖ ਜੱਜ ਨਾ ਹੋਣ ਦਾ ਮੁੱਦਾ ਉਠਾਇਆ ਸੀ। ਉਹਨਾਂ ਇਹ ਮੁੱਦਾ ਲੋਕ ਸਭਾ ਵਿਚ ਚੁੱਕਿਆ। ਹਾਲਾਂਕਿ ਇਸ ‘ਤੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਸਪੱਸ਼ਟ ਕਿਹਾ ਸੀ ਕਿ ਜੱਜਾਂ ਦੀ ਨਿਯੁਕਤੀ ‘ਚ ਧਰਮ ਦੇ ਆਧਾਰ ‘ਤੇ ਕੋਈ ਰਾਖਵਾਂਕਰਨ ਨਹੀਂ ਹੈ।