ਅਜਿਹੇ ਡਰੋਨ ਨਾਲ ਨਸ਼ਾ ਅਤੇ ਹਥਿਆਰ ਭੇਜੇ ਜਾਂਦੇ ਹਨ ਪਾਕਿਸਤਾਨ ਵੱਲੋਂ, ਡਰੋਨ ਬਰਾਮਦ; 2 ਗ੍ਰਿਫਤਾਰ

0
5063

ਚੰਡੀਗੜ੍ਹ | ਅੰਮ੍ਰਿਤਸਰ ਤੋਂ ਪੁਲਿਸ ਨੇ ਇੱਕ ਅਜਿਹਾ ਡਰੋਨ ਬਰਾਮਦ ਕੀਤਾ ਹੈ ਜਿਸ ਰਾਹੀਂ ਪਾਕਿਸਤਾਨ ਤੋਂ ਨਸ਼ਾ ਅਤੇ ਹਥਿਆਰ ਇੱਧਰ ਭੇਜੇ ਜਾਂਦੇ ਸਨ। ਡਰੋਨ ਦੇ ਨਾਲ-ਨਾਲ ਦੋ ਅਰੋਪੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਕੌਮਾਂਤਰੀ ਨੈਟਵਰਕ ਵੀ ਬ੍ਰੇਕ ਕੀਤਾ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ- ਅਰੋਪੀਆਂ ਪਾਸੋਂ ਇਕ ਫੁਲ ਸਪੋਰਟਰ ਸਟੈਂਡ ਵਾਲਾ ਇਕ ਡਰੋਨ ਅਤੇ ਇਕ ਸਕਾਈਡਰੋਇਡ ਟ੍ਰਾਂਸਮੀਟਰ, ਮਿਨੀ ਰਿਸੀਵਰ ਅਤੇ ਕੈਮਰਾ ਬਰਾਮਦ ਹੋਇਆ ਹੈ। ਇਸ ਦੇ ਨਾਲ .32 ਬੋਰ ਦੀ ਰਿਵਾਲਵਰ ਅਤੇ ਇੱਕ ਸਕਾਰਪੀਓ ਕਾਰ ਨੰਬਰ ਐਚਆਰ -35 ਐਮ 3709 ਅਤੇ ਕੁਝ ਜ਼ਿੰਦਾ ਕਾਰਤੂਸ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ।

ਡੀਜੀਪੀ ਨੇ ਦੱਸਿਆ ਕਿ ਮੁੱਖ ਸ਼ੱਕੀ ਲਖਬੀਰ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਨ, ਥਾਣਾ ਲੋਪੋਕੇ ਨੂੰ ਸੋਮਵਾਰ ਨੂੰ ਗੁਰੂਦਵਾਰਾ ਟਾਹਲਾ ਸਾਹਿਬ, ਥਾਣਾ ਚੱਟੀਵਿੰਡ, ਅੰਮ੍ਰਿਤਸਰ ਕੋਲੋਂ ਕਾਬੂ ਕੀਤਾ ਗਿਆ। ਜਾਂਚ ਦੌਰਾਨ, ਲਖਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਉਸਨੇ ਲਗਭਗ ਚਾਰ ਮਹੀਨੇ ਪਹਿਲਾਂ ਇੱਕ ਡਰੋਨ ਦਿੱਲੀ ਤੋਂ ਖਰੀਦਿਆ ਸੀ ਅਤੇ ਫਿਲਹਾਲ ਇਹ ਡਰੋਨ ਉਸ ਦੇ ਸਾਥੀ ਬਚਿੱਤਰ ਸਿੰਘ ਦੇ ਘਰ ਗੁਰੂ ਅਮਰਦਾਸ ਐਵੀਨਿਊ, ਅੰਮ੍ਰਿਤਸਰ ਵਿਖੇ ਸੀ।

ਪੜਤਾਲ ਤੋਂ ਪਤਾ ਲੱਗਾ ਹੈ ਕਿ ਲਖਬੀਰ ਸਿੰਘ ਅਜਨਾਲਾ ਦੇ 4 ਵੱਡੇ ਨਸ਼ਾ ਤਸਕਰਾਂ ਨਾਲ ਨਜ਼ਦੀਕੀ ਅਤੇ ਵਾਰ-ਵਾਰ ਸੰਪਰਕ ਕਰਦਾ ਸੀ, ਜੋ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹਨ। ਜੇਲ੍ਹ ਵਿਚ ਤਲਾਸ਼ੀ ਲੈਣ ਨਾਲ ਲਖਬੀਰ ਦੇ ਸਾਥੀ ਨਸ਼ਾ ਤਸਕਰ ਸੁਰਜੀਤ ਮਸੀਹ ਪਾਸੋਂ ਇਕ ਟੱਚ ਸਮਾਰਟਫੋਨ ਬਰਾਮਦ ਹੋਇਆ।

ਅਰੋਪੀ ਲਖਬੀਰ ਸਿੰਘ ਉਰਫ ਲੱਖਾ ਅਤੇ ਬਚਿੱਤਰ ਸਿੰਘ ਹਨ। ਜਿਹਨਾਂ ਨੂੰ ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਵਿਸ਼ੇਸ਼ ਸੂਹ ਰਾਹੀਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਚਾਰ ਨਸ਼ਾ ਤਸਕਰਾਂ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਗਾਇਆ ਜਾ ਸਕੇਗਾ।

ਡੀਜੀਪੀ ਅਨੁਸਾਰ, ਹੁਣ ਤੱਕ ਦੀਆਂ ਜਾਂਚਾਂ ਤੋਂ ਪਤਾ ਲੱਗਾ ਹੈ ਕਿ ਲਖਬੀਰ ਸਿੰਘ ਨੇ ਵਿਦੇਸ਼ੀ ਤਸਕਰਾਂ ਅਤੇ ਇਕਾਈਆਂ ਨਾਲ ਇੱਕ ਵਿਸ਼ਾਲ ਸੰਚਾਰ ਨੈੱਟਵਰਕ ਸਥਾਪਤ ਕੀਤਾ ਸੀ ਅਤੇ ਉਹ ਪਾਕਿਸਤਾਨ ਦੇ ਇੱਕ ਨਾਮੀ ਤਸਕਰ ਚਿਸ਼ਤੀ ਨਾਲ ਅਕਸਰ ਸੰਪਰਕ ਵਿੱਚ ਰਿਹਾ ਸੀ। ਚਿਸ਼ਤੀ ਪਾਕਿਸਤਾਨ ਅਧਾਰਤ ਖਾਲਿਸਤਾਨੀ ਸੰਚਾਲਕਾਂ ਨਾਲ ਵੀ ਸੰਪਰਕ ਵਿੱਚ ਹੈ ਅਤੇ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਤੋਂ ਭਾਰਤ ਵਿੱਚ ਸਰਹੱਦੋਂ ਪਾਰ ਦੀਆਂ ਮਹੱਤਵਪੂਰਨ ਖੇਪਾਂ ਦੀ ਤੱਸਕਰੀ ਕਰਦਾ ਰਿਹਾ ਹੈ।

ਮੌਜੂਦਾ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਕੈਦ ਸਿਮਰਨਜੀਤ ਸਿੰਘ ਨੇ ਲਖਬੀਰ ਸਿੰਘ ਨੂੰ ਸਰਹੱਦੋਂ ਪਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਇਕ ਡਰੋਨ ਖਰੀਦਣ ਲਈ ਕਿਹਾ ਸੀ। ਸਿਮਰਨਜੀਤ ਸਿੰਘ ਨੂੰ ਵੀ ਇਸ ਕੇਸ ਵਿੱਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।

ਲਗਭਗ ਚਾਰ ਮਹੀਨੇ ਪਹਿਲਾਂ, ਲਖਬੀਰ ਸਿੰਘ ਅਤੇ ਉਸ ਦੇ ਸਾਥੀ ਗੁਰਪਿੰਦਰ ਸਿੰਘ ਨਵੀਂ ਦਿੱਲੀ ਗਏ ਅਤੇ ਉਹਨਾਂ ਨੇ ਟੀਆਰਡੀ ਐਂਟਰਪ੍ਰਾਈਜ਼ਜ਼, ਜਨਕਪੁਰੀ ਤੋਂ 4 ਲੱਖ ਰੁਪਏ ਵਿੱਚ ਸਕਾਈਡਰਾਇਡ ਟੀ10 2.4 ਜੀ.ਐੱਚ.ਜੈਡ 10 ਸੀਐਚ ਐਫਐਚਐਸਐਸ ਟ੍ਰਾਂਸਮੀਟਰ ਦੇ ਨਾਲ ਹੈਵੀ ਡਿਊਟੀ ਕੁਆਡਕਾੱਪਟਰ ਡਰੋਨ ਖਰੀਦਿਆ ਸੀ।

ਲਖਬੀਰ ਸਿੰਘ ਅਤੇ ਬਚਿੱਤਰ ਸਿੰਘ ਦੋਵੇਂ ਵਾਸੀ ਚੱਕ ਮਿਸ਼ਰੀ ਖਾਨ, ਥਾਣਾ ਲੋਪੋਕੇ ਅਤੇ ਗੁਰਪਿੰਦਰ ਸਿੰਘ ਖਾਪੜ ਖੇੜੀ, ਥਾਣਾ ਘਰਿੰਡਾ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਐਫਆਈਆਰ ਨੰ. 202 ਮਿਤੀ 14.12.2020 ਨੂੰ  ਆਈਪੀਸੀ ਦੀ ਧਾਰਾ 411, 414, ਆਰਮਜ਼ ਐਕਟ ਦੀ ਧਾਰਾ 25, ਐਨਡੀਪੀਐਸ ਐਕਟ ਦੀ ਧਾਰਾ 21, 23 ਅਤੇ ਏਅਰਕ੍ਰਾਫਟ ਐਕਟ, 1954 ਦੀ ਧਾਰਾ 10, 11, 12, ਤਹਿਤ ਥਾਣਾ ਘਰਿੰਡਾ ਵਿਖੇ ਦਰਜ ਕੀਤਾ ਗਿਆ ਹੈ।