ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ’ਚ ਵਿਦਿਆਰਥੀਆਂ ਨੇ ਕੀਤੀ ਭੰਨ-ਤੋੜ; ਕਾਲਜ ਮੈਨੇਜਮੈਂਟ ਨੇ ਲਿਆ ਵੱਡਾ ਐਕਸ਼ਨ

0
1645

ਪਟਿਆਲਾ, 27 ਅਕਤੂਬਰ | ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਭੰਨ-ਤੋੜ ਕਰਨ ਵਾਲੇ ਵਿਦਿਆਰਥੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਵਿਦਿਆਰਥੀਆਂ ’ਤੇ ਇਲਜ਼ਾਮ ਲੱਗਾ ਹੈ ਕਿ ਉਨ੍ਹਾਂ ਵੱਲੋਂ ਗਰੁੱਪ ਫੋਟੋ ਦੌਰਾਨ 2 ਟੇਬਲਾਂ ਨੂੰ ਤੋੜਿਆ। ਇਸ ਸਬੰਧੀ ਅਟਾਨਮੀ ਵਿਭਾਗ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਵੱਲੋਂ ਐੱਮਬੀਬੀਐੱਸ ਪੋਸਟ ਇੰਟਰਨ ਬੈਚ (2018) ਦੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਗਈ ਕਿ ਉਨ੍ਹਾਂ ਵੱਲੋਂ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰਦਿਆਂ ਡੀ-ਹਾਲ ਦੇ 2 ਟੇਬਲਾਂ ਦੇ ਪੱਥਰ ਤੋੜੇ ਹਨ।

ਇਸ ਲਈ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਵਿਦਿਆਰਥੀ 22 ਹਜ਼ਾਰ ਰੁਪਏ ਜੁਰਮਾਨਾ ਭਰਨ ਅਤੇ ਅਜਿਹਾ ਨਾ ਕਰਨ ਦੀ ਸੂਰਤ ’ਤੇ ਵਿਦਿਆਰਥੀਆਂ ਨੂੰ ਅਟਾਨਮੀ ਵਿਭਾਗ ਵੱਲੋਂ ਨੋ ਡਿਊਜ਼ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ, ਜਿਸ ਕਾਰਨ ਬਿਨਾਂ ਇੰਟਰਨਸਿਪ ਕੰਪਲੀਸ਼ਨ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ।

ਦੂਜੇ ਪਾਸੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਕਿਸੇ 1-2 ਵਿਦਿਆਰਥੀ ਦੀ ਗਲਤੀ ਕਾਰਨ ਸਾਰੇ ਵਿਦਿਆਰਥੀਆਂ ਤੋਂ ਪੈਸੇ ਲੈਣੇ ਗਲਤ ਹੈ। ਉਨ੍ਹਾਂ ਕਿਹਾ ਕਿ ਕਾਲਜ ਪ੍ਰਬੰਧਕ ਡਰਾ-ਧਮਕਾ ਕੇ ਪੈਸੇ ਲੈ ਰਹੇ ਹਨ।

ਇਸ ਸਬੰਧੀ ਮੈਡੀਕਲ ਕਾਲਜ ਦੇ ਡਾਇਰੈਕਟਰ ਡਾ. ਰਾਜਨ ਸਿੰਗਲਾ ਨੇ ਆਖਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਿਥੇ ਮੈਡਕਲ ਕਾਲਜ ਤੇ ਰਾਜਿੰਦਰਾ ਹਸਪਤਾਲ ’ਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਕਾਲਜ ’ਚ ਅਨੁਸ਼ਾਸਨ ਕਾਇਮ ਰੱਖਣਾ ਅਤੇ ਪਬਲਿਕ ਪ੍ਰਾਪਰਟੀ ਦਾ ਧਿਆਨ ਰੱਖਣਾ ਵੀ ਪਹਿਲਾ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਵਿਦਿਆਰਥੀਆਂ ਦੀ ਗਲਤੀ ਪਾਈ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਪਬਲਿਕ ਪ੍ਰਾਪਰਟੀ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।